ਅਮਰੀਕਾ ‘ਚ ਹੁਣ ਸਿਆਹਫਾਮ ਦੀ ਹੱਤਿਆ

0
3848

ਨਿਊਯਾਰਕ : ਅਮਰੀਕਾ ‘ਚ ਮੁੜ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਸਾਬਕਾ ਗੋਰੇ ਫ਼ੌਜੀ ਨੇ ਸਿਆਹਫਾਮ ਦੀ ਤਲਵਾਰ ਨਾਲ ਹੱਤਿਆ ਕਰ ਦਿੱਤੀ। ਹਮਲਾਵਰ ਸ਼ਿਆਹਫਾਮਾਂ ‘ਤੇ ਨਸਲੀ ਹਮਲੇ ਕਰਨ ਦੇ ਇਰਾਦੇ ਨਾਲ ਬਾਲਟੀਮੇਰ ਤੋਂ ਬੱਸ ‘ਚ ਸਵਾਰ ਹੋ ਕੇ ਨਿਊਯਾਰਕ ਪੁੱਜਾ ਸੀ। ਸਹਾਇਕ ਪੁਲੀਸ ਮੁਖੀ ਵਿਲੀਅਮ ਆਬਰੇ ਮੁਤਾਬਕ, ਹਮਲਾਵਰ ਜੇਮਸ ਹੈਰਿਸ ਜੈਕਸਨ ਨੇ ਤੜਕੇ ਟਾਈਮਜ਼ ਸੁਕੇਅਰ ਪੁਲੀਸ ‘ਚ ਆਤਮ ਸਮਰਪਣ ਕੀਤਾ। ਉਸ ਨੇ ਦੱਸਿਆ ਕਿ ਉਸ ਦੇ ਦਿਲ ‘ਚ ਦਸ ਸਾਲ ਤੋਂ ਸਿਆਹਫਾਮਾਂ ਪ੍ਰਤੀ ਨਫ਼ਰਤ ਦੀ ਭਾਵਨਾ ਸੀ। ਉਹ 17 ਮਾਰਚ ਨੂੰ ਨਿਊਯਾਰਕ ਪੁੱਜਾ ਅਤੇ ਮੈਨਹਟਨ ਦੇ ਹੋਟਲ ‘ਚ ਰੁਕਿਆ। ਉਸ ਨੇ ਨਿਊਯਾਰਕ ਨੂੰ ਇਸ ਲਈ ਚੁਣਿਆ ਕਿਉਂਕਿ ਇਹ ਦੁਨੀਆ ਲਈ ਮੀਡੀਆ ਦਾ ਕੇਂਦਰ ਹੈ। ਜੈਕਸਨ ਲੰਬੇ ਓਵਰਕੋਟ ‘ਚ 26 ਇੰਚ ਦੀ ਤਲਵਾਰ ਲੁਕੋ ਕੇ ਸੜਕਾਂ ‘ਤੇ ਘੁੰਮ ਰਿਹਾ ਸੀ। ਉਸ ਸਮੇਂ ਉਹ ਕੂੜੇ ਦੇ ਡੱਬੇ ਚੋਂ ਬੋਤਲਾਂ ਇਕੱਠੀਆਂ ਕਰਦਾ ਟਿਮੋਥੀ ਕਾਫਮੈਨ ਨੂੰ ਮਿਲਿਆ। ਜੈਕਸਨ ਨੇ ਉਸ ਦੀ ਛਾਤੀ ਤੇ ਪਿੱਠ ‘ਤੇ ਤਲਵਾਰ ਨਾਲ ਕਈ ਵਾਰ ਕੀਤੇ। 66 ਸਾਲਾ ਕਾਫਮੈਨ ਨੂੰ ਪੁਲੀਸ ਹਸਪਤਾਲ ਲੈ ਕੇ ਗਈ, ਜਿਥੇ ਉਸ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ 28 ਸਾਲਾ ਜੈਕਸਨ ਨਜ਼ਦੀਕੀ ਇਕ ਰੈਸਟੋਰੈਂਟ ਦੇ ਬਾਥਰੂਮ ‘ਚ ਗਿਆ ਅਤੇ ਖੂਨ ਦੇ ਧੱਬਿਆਂ ਨੂੰ ਸਾਫ਼ ਕੀਤਾ।