ਚੰਡੀਗੜ੍ਹ ਦੀ ਰਚਨਾ ਸਿੰਘ ਨੇ ਗਰੀਨ ਟਿੰਬਰ ਹਲਕੇ ‘ਚ ਜਿੱਤ ਦਾ ਝੰਡਾ ਝੁਲਾਇਆ

    0
    4199

    ਚੰਡੀਗੜ੍ਹ : ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ‘ਚ ਚੰਡੀਗੜ੍ਹ ਦੀ ਰਚਨਾ ਸਿੰਘ ਨੇ ਸਰੀ ਦੇ ਗਰੀਨ ਟਿੰਬਰ ਸੀਟ ‘ਤੇ ਜਿੱਤ ਪ੍ਰਾਪਤ ਕਰਕੇ ਸ਼ਹਿਰ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੀ ਉਮੀਦਵਾਰ ਰਚਨਾ ਸਿੰਘ ਨੇ ਆਪਣੇ ਵਿਰੋਧੀ ਨੂੰ ਵੱਡੇ ਫ਼ਰਕ ਨਾਲ ਹਰਾਇਆ। ਪੰਜਾਬੀ ਦੇ ਉਘੇ ਆਲੋਚਕ ਅਤੇ ਤ੍ਰੈ-ਮਾਸਿਕ ‘ਸਿਰਜਣਾ’ ਦੇ ਸੰਪਾਦਕ ਡਾ. ਰਘਬੀਰ ਸਿੰਘ ਤੇ ਪ੍ਰੋ. ਸੁਲੇਖਾ ਦੀ ਧੀ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਪਤਨੀ ਰਚਨਾ ਸਿੰਘ ਨੇ ਚੰਡੀਗੜ੍ਹ ‘ਚੋਂ ਸਕੂਲੀ ਪੜ੍ਹਾਈ ਪੂਰੀ ਕਰਨ ਸਮੇਤ ਉਚੇਰੀ ਸਿੱਖਿਆ ਵੀ ਇਥੋਂ ਹੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਸੈਕਟਰ 35 ਦੇ ਸਰਕਾਰੀ ਮਾਡਲ ਸਕੂਲ ‘ਚੋਂ ਸਕੂਲੀ ਪੜ੍ਹਾਈ ਪੂਰੀ ਕੀਤੀ ਸੀ। ਇਸ ਤੋਂ ਬਾਅਦ ਸੈਕਟਰ-42 ਦੇ ਸਰਕਾਰੀ  ਕਾਲਜ ‘ਚੋਂ ਗਰੈਜੂਏਸ਼ਨ ਕੀਤੀ। ਪੰਜਾਬ ਯੂਨੀਵਰਸਿਟੀ ‘ਚੋਂ ਮਨੋਵਿਗਿਆਨ ਵਿਸ਼ੇ ‘ਚ ਐਮ.ਏ. ਕੀਤੀ। ਰਚਨਾ ਸਿੰਘ ਦਾ ਬਚਪਨ ਸੈਕਟਰ-43 ਦੇ ਘਰ ‘ਚ ਬੀਤਿਆ। ਵਿਆਹ ਤੋਂ ਬਾਅਦ ਉਹ ਸੈਕਟਰ-44 ‘ਚ ਰਹਿੰਦੇ ਆਪਣੇ ਸਹੁਰਾ ਪਰਿਵਾਰ ਕੋਲ ਰਹੀ। ਕੈਨੇਡਾ ਜਾਣ ਤੋਂ ਪਹਿਲਾਂ ਉਹ ਚੰਡੀਗੜ੍ਹ ‘ਚ ਕਈ ਸੰਸਥਾਵਾਂ ਨਾਲ ਜੁੜ ਕੇ ਸਮਾਜ ਸੇਵਾ ਦੇ ਕੰਮ ਕੀਤੇ। ਰਚਨਾ ਸਿੰਘ ਦੇ ਕੈਨੇਡਾ ਜਾਣ ਤੋਂ ਬਾਅਦ ਉਨ੍ਹਾਂ ਦਾ ਸਹੁਰਾ ਪਰਿਵਾਰ ਜਲੰਧਰ ਚਲਾ ਗਿਆ। ਰਚਨਾ ਸਿੰਘ ਦਾ ਜਨਮ ਖੱਬੇ ਪੱਖੀ ਵਿਚਾਰਧਾਰਾ ਨਾਲ ਸਬੰਧਤ ਪਰਿਵਾਰ ‘ਚ ਹੋਇਆ। ਯਾਦ ਰਹੇ ਕਿ ਰਚਨਾ ਸਿੰਘ ਪੰਜਾਬੀ ਦੇ ਮਰਹੂਮ ਲੇਖਕ ਤੇਰਾ ਸਿੰਘ ਚੰਨ ਦੀ ਦੋਹਤੀ ਹੈ। ਬੀਸੀ ਵਿਧਾਨ ਸਭਾ ਚੋਣਾਂ ‘ਚ ਸਰੀ ਦੇ ਗਰੀਨ ਟਿੰਬਰ ਸੀਟ ਤੋਂ ਉਨ੍ਹਾਂ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਬਰੇਡਾਂ ਜੋਏ ਨੂੰ ਵੱਡੇ ਫ਼ਰਕ ਨਾਲ ਹਰਾਇਆ। ਇਸ ਸੀਟ ‘ਤੇ ਕੁੱਲ ਪਈਆਂ ਵੋਟਾਂ ‘ਚੋਂ ਉਨ੍ਹਾਂ ਨੇ 59.6 ਫ਼ੀਸਦੀ ਦੇ ਲਗਪਗ ਵੋਟਾਂ ਪ੍ਰਾਪਤ ਕੀਤੀਆਂ ਜਦਕਿ ਉਨ੍ਹਾਂ ਦੀ ਵਿਰੋਧੀ ਨੂੰ 33 ਫ਼ੀਸਦੀ ਵੋਟਾਂ ਮਿਲੀਆਂ। ਰਚਨਾ ਸਿੰਘ ਦੀ ਜਿੱਤ ਦੀ ਸੂਚਨਾ ਮਿਲਣ ਤੋਂ ਬਾਅਦ ਮਾਮੇ ਦਿਲਦਾਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਤੇ ਸਨੇਹੀਆਂ ਨੇ ਖੁਸ਼ੀ ਮਨਾਈ।