ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਪੱਛਮੀ ਏਸ਼ੀਆ ਦੇ ਮੁੱਦੇ ’ਤੇ ਨੇੜਲੇ ਸਹਿਯੋਗੀਆਂ ਨਾਲ ਚਰਚਾ ਦੌਰਾਨ ਇਰਾਨ ’ਤੇ ਹਮਲਾ ਕਰਨ ਦਾ ਸੁਝਾਅ ਸਭ ਤੋਂ ਪਹਿਲਾਂ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਦਿੱਤਾ ਸੀ। ਟਰੰਪ ਨੇ ਸੋਮਵਾਰ ਨੂੰ ਟੇਨੇਸੀ ’ਚ ‘ਮੈਮਫਿਸ ਸੇਫ ਟਾਸਕ ਫੋਰਸ’ ਗੋਲਮੇਜ਼ ਬੈਠਕ ਦੌਰਾਨ ਇਹ ਗੱਲ ਆਖੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਫ਼ੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ਹੈਗਸੇਥ ਅਤੇ ਜੁਆਇੰਟ ਚੀਫਜ਼ ਆਫ ਸਟਾਫ ਦੇ ਚੇਅਰਮੈਨ, ਹਵਾਈ ਸੈਨਾ ਦੇ ਜਨਰਲ ਡੈਨ ਕੇਨ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੂੰ ਫੋਨ ਕਰ ਕੇ ਇਰਾਨ ਦੇ ਹਾਲਾਤ ਬਾਰੇ ਚਰਚਾ ਕੀਤੀ ਸੀ।
ਉਨ੍ਹਾਂ ਕਿਹਾ, ‘‘ਮੈਂ ਸਾਰਿਆਂ ਨੂੰ ਫੋਨ ਕਰ ਕੇ ਇਰਾਨ ਮੁੱਦੇ ਬਾਰੇ ਗੱਲ ਕਰਨ ਲਈ ਸੱਦਿਆ। ਮੈਂ ਆਖਿਆ ਕਿ ਇਰਾਨ ਪਰਮਾਣੂ ਹਥਿਆਰ ਬਣਾਉਣ ਦੇ ਨਜ਼ਦੀਕ ਹੈ; ਜਾਂ ਤਾਂ ਅਸੀਂ ਇਸ ਨੂੰ ਅਣਗੌਲਿਆ ਕਰ ਦਈਏ ਜਾਂ ਫਿਰ ਪੱਛਮੀ ਏਸ਼ੀਆ ਵੱਲ ਕਦਮ ਵਧਾ ਕੇ ਵੱਡੀ ਸਮੱਸਿਆ ਦਾ ਨਿਬੇੜਾ ਕਰ ਸਕਦੇ ਹਾਂ।’’ ਟਰੰਪ ਨੇ ਹੈਗਸੇਥ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਸਭ ਤੋਂ ਪਹਿਲਾਂ ਕਦਮ ਚੁੱਕਣ ਲਈ ਆਖਿਆ ਸੀ ਕਿਉਂਕਿ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਨਹੀਂ ਦਿੱਤਾ ਜਾ ਸਕਦਾ।











