ਸਰੀ : ਪੰਜਾਬੀ ਮੂਲ ਦੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਾ ਮਿਲਣ ਦਾ ਮੁੱਦਾ ਦੁਨੀਆਂ ਭਰ ਦੇ ਸਿੱਖ ਹਲਕਿਆਂ ਵਿਚ ਭਖਦਾ ਜਾ ਰਿਹਾ ਹੈ। ਸਰੀ ‘ਚ ਗਰਮ ਖ਼ਿਆਲੀਆਂ ਨੇ ਖੁੱਲ੍ਹੇਆਮ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਉਨ੍ਹਾਂ ਵੱਲੋਂ ਕੈਪਟਨ ਨੂੰ ਸਿੱਧੇ ਰੂਪ ‘ਚ ਚੁਣੌਤੀ ਦਿੱਤੀ ਜਾ ਰਹੀ ਸੀ। ਵਾਇਰਲ ਹੋ ਰਹੀ ਵੀਡੀਓ ‘ਚ ਗਰਮਖ਼ਿਆਲੀ ਕੈਪਟਨ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਗਈ। ਉਹ ਕੈਪਟਨ ‘ਤੇ ਹਮੇਸ਼ਾ ਆਪਣੇ ਸੌੜੇ ਸਿਆਸੀ ਹਿੱਤਾਂ ਖ਼ਾਤਰ ਸਿੱਖਾਂ ਤੇ ਪੰਥ ਦੀ ਬੇਅਦਬੀ ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਮੁਤਾਬਿਕ ਸੱਜਣ ਨੂੰ ਖ਼ਾਲਿਸਤਾਨੀ ਸਮਰਥਕ ਕਹਿ ਕੇ ਨਾ ਮਿਲਣਾ ਸਿੱਖ ਕੌਮ ਦੀ ਬੇਅਦਬੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਿੱਧੀ ਚੁਣੌਤੀ ਦਿੱਤੀ ਕਿ ਜੇਕਰ ਉਹ ਜਾਂ ਉਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਕੈਨੇਡਾ ਆਵੇਗਾ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ। ਉਹ ਆਪਣੀ ਤਕਰੀਰ ‘ਚ ਕੈਪਟਨ ‘ਤੇ ਅਜਿਹਾ ਫ਼ੈਸਲਾ ਕੇਪੀਐਸ ਗਿੱਲ ਦੇ ਪ੍ਰਭਾਵ ਹੇਠ ਲੈਣ ਦਾ ਵੀ ਦੋਸ਼ ਲਾ ਰਹੇ ਹਨ। ਉਨ੍ਹਾਂ ਦੇ ਨਿਸ਼ਾਨੇ ‘ਤੇ ਕੈਪਟਨ ਤੋਂ ਇਲਾਵਾ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਹਨ ਕਿਉਂਕਿ ਬਿੱਟੂ ਨੇ ਇਸ ਮੁੱਦੇ ‘ਤੇ ਕੈਪਟਨ ਦੀ ਹਮਾਇਤ ਕਰਦਿਆਂ ਵੱਡਾ ਬਿਆਨ ਦਿੱਤਾ ਸੀ ਕਿ ਜੇ ਪੰਜਾਬ ਵਿਚ ਕਾਂਗਰਸ ਸਰਕਾਰ ਨਾ ਹੁੰਦੀ ਤਾਂ ਸੱਜਣ ਨੇ ਇਥੇ ਖਾਲਿਸਤਾਨ ਦਾ ਏਜੰਡਾ ਲੈ ਕੇ ਆਉਣਾ ਸੀ। ਟਿੱਪਣੀ ਕਰਦਿਆਂ ਕਿਹਾ ਕਿ ਕੈਨੇਡੀਅਨ ਲੋਕਾਂ ਨੂੰ ਸਿਰਫ਼ ਕੈਪਟਨ ਦੇ ਨਿੱਜੀ ਰਵੱਈਏ ਨੂੰ ਨਾ ਦੇਖ ਕੇ ਇਹ ਦੇਖਣਾ ਚਾਹੀਦਾ ਹੈ ਭਾਰਤ ਸਰਕਾਰ ਨੇ ਉਨ੍ਹਾਂ ਦਾ ਕਿਵੇਂ ਸ਼ਾਹੀ ਸਵਾਗਤ ਕੀਤਾ ਹੈ। ਭਾਜਪਾ ਪੰਜਾਬ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਕੈਪਟਨ ਇੰਡੀਆ ਨਹੀਂ ਹੈ, ਦੇਸ਼ ਦੀ ਨੁਮਾਇੰਦਗੀ ਭਾਰਤ ਸਰਕਾਰ ਕਰਦੀ ਹੈ, ਕੈਨੇਡੀਅਨ ਸਿੱਖਾਂ ਨੂੰ ਉਸ ਵੱਲ ਦੇਖਣਾ ਚਾਹੀਦਾ ਹੈ। ਵਿਜੇ ਸਾਂਪਲਾ ਪ੍ਰਧਾਨ ਪੰਜਾਬ ਭਾਜਪਾ ਨੇ ਇਸ ਉਪਰ ਸੱਜਣ ਨੂੰ ਇਨ੍ਹਾਂ ਗਰਮਦਲੀਆਂ ਦੀ ਸਿਆਸਤ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਰਮਦਲੀਏ ਦੋਸ਼ ਲਾ ਰਹੇ ਹਨ ਕਿ ਕੈਪਟਨ ਨੇ ਅਜਿਹਾ ਫੈਸਲਾ ਕੇਪੀਐਸ ਗਿੱਲ ਦੇ ਪ੍ਰਭਾਵ ਹੇਠ ਕੀਤਾ ਹੈ।
![_a035fe72-1fa6-11e7-beb7-f1cbdf0743d8[1]](https://www.punjabijournal.ca/wp-content/uploads/2017/05/a035fe72-1fa6-11e7-beb7-f1cbdf0743d81-696x392.jpg)










