ਕਰਤਾਰਪੁਰ ਦੀ ਮਿੱਟੀ ਨੂੰ ਕਸਟਮ ਅਧਿਕਾਰੀ ਸੁੰਘ-ਸੁੰਘ ਕੇ ਕਰ ਰਹੇ ਹਨ ਚੈਕ

0
1470

ਜਲੰਧਰ: ਕਰਤਾਰਪੁਰ ਲਾਂਘੇ ਰਾਹੀਂ ਵਾਪਸ ਆਉਣ ਵਾਲੇ ਸ਼ਰਧਾਲੂਆਂ ਦਾ ਸਾਮਾਨ ਫਰੋਲਣ ਲੱਗਿਆਂ ਕਸਟਮ ਅਧਿਕਾਰੀ ਉਨ੍ਹਾਂ ਦੇ ਬੈਗਾਂ ਵਿਚੋਂ ਮਿੱਟੀ ਲੱਭਦੇ ਹਨ। ਇਨ੍ਹਾਂ ਸ਼ਰਧਾਲੂਆਂ ਦਾ ਬੈਗ ਚੈੱਕ ਕਰਨ ਤੋਂ ਪਹਿਲਾਂ ਹੀ ਕਸਟਮ ਅਧਿਕਾਰੀ ਉਨ੍ਹਾਂ ਨੂੰ ਇਹ ਪੁੱਛ ਲੈਂਦੇ ਹਨ ਕਿ ਕਿਤੇ ਉਹ ਮਿੱਟੀ ਤਾਂ ਨਹੀਂ ਲੈ ਕੇ ਆਏ? ਜਿਹੜੇ ਸ਼ਰਧਾਲੂਆਂ ਦੇ ਬੈਗਾਂ ਵਿਚੋਂ ਮਿੱਟੀ ਮਿਲਦੀ ਹੈ ਉਨ੍ਹਾਂ ਨੂੰ ਇਹ ਅਧਿਕਾਰੀ ਸੁੰਘ-ਸੁੰਘ ਕੇ ਚੈੱਕ ਕਰਦੇ ਹਨ। ਕਸਟਮ ਅਧਿਕਾਰੀ ਮਿੱਟੀ ਨੂੰ ਵਾਰ-ਵਾਰ ਹੱਥ ਲਾ ਕੇ ਮਲਦੇ ਹਨ, ਫਿਰ ਉਹ ਕਈ ਵਾਰ ਸੁੰਘਦੇ ਹਨ ਪਰ ਉਹ ਸ਼ਰਧਾਲੂਆਂ ਵੱਲੋਂ ਮਿੱਟੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਨਹੀਂ ਦਿੰਦੇ।ਲਾਂਘੇ ਦੇ ਸ਼ੁਰੂਆਤੀ ਜਥਿਆਂ ‘ਚ ਵਾਪਸ ਪਰਤੇ ਜਿਹੜੇ ਸ਼ਰਧਾਲੂਆਂ ਕੋਲ ਬਾਬੇ ਨਾਨਕ ਦੇ ਖੇਤਾਂ ਦੀ ਮਿੱਟੀ ਸੀ ਉਨ੍ਹਾਂ ਨੂੰ ਇਹ ਉਚੇਚਾ ਪੁੱਛਿਆ ਜਾਂਦਾ ਸੀ ਕਿ ਉਹ ਮਿੱਟੀ ਕਿਉਂ ਲੈ ਕੇ ਆਏ ਹਨ। ਜਿਹੜੇ ਯਾਤਰੂ ਮਿੱਟੀ ਲੈ ਕੇ ਆਏ ਸਨ ਉਨ੍ਹਾਂ ਦਾ ਇਹ ਕਹਿਣਾ ਸੀ ਕਿ ੭੨ ਸਾਲਾਂ ਤੋਂ ਉਹ ਇਸ ਮਿੱਟੀ ਨੂੰ ਹੀ ਸਿਜਦਾ ਕਰਨ ਲਈ ਤਰਸ ਰਹੇ ਹਨ, ਹੁਣ ਜਦੋਂ ਸਿੱਖ ਪੰਥ ਦੀਆਂ ਕੀਤੀਆਂ ਬੇਅੰਤ ਅਰਦਾਸਾਂ ਨੂੰ ਬੂਰ ਪਿਆ ਹੈ ਤੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ ਤਾਂ ਉੱਥੇ ਉਹ ਬਾਬੇ ਦੇ ਖੇਤਾਂ ਦੀ ਮਿੱਟੀ ਵੀ ਲਿਆ ਰਹੇ ਹਨ। ਇਨ੍ਹਾਂ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਲਈ ਇਹ ਮਿੱਟੀ ਸੋਨੇ, ਚਾਂਦੀ ਜਾਂ ਹੀਰਿਆਂ ਤੋਂ ਵੀ ਕੀਮਤੀ ਹੈ।

ਖੇਤਾਂ ‘ਚੋਂ ਲਿਆਉਂਦੇ ਨੇ ਮਿੱਟੀ
ਕਸਟਮ ਅਧਿਕਾਰੀਆਂ ਲਈ ਮਿੱਟੀ ਦੀ ਭਾਵੇਂ ਕੋਈ ਕੀਮਤ ਨਾ ਹੋਵੇ ਪਰ ਜਿਹੜਾ ਵੀ ਸ਼ਰਧਾਲੂ ਇਸ ਨੂੰ ਲਿਆ ਰਿਹਾ ਹੈ ਉਹ ਇਸ ਨੂੰ ਬੇਸ਼ਕੀਮਤੀ ਮੰਨਦਾ ਹੈ। ਜ਼ਿਆਦਾਤਰ ਸ਼ਰਧਾਲੂ ਮਿੱਟੀ ਉਸ ਥਾਂ ਤੋਂ ਲਿਆਉਂਦੇ ਹਨ ਜਿਥੇ ਬਾਬੇ ਨਾਨਕ ਦੀ ਮਜ਼ਾਰ ਬਣਾਈ ਗਈ ਹੈ ਤੇ ਨਾਲ ਹੀ ਉਹ ਖੂਹ ਹੈ ਜਿਥੋਂ ਗੁਰੂ ਨਾਨਕ ਦੇਵ ਜੀ ਖੇਤਾਂ ਨੂੰ ਪਾਣੀ ਲਾਉਂਦੇ ਸਨ। ਕਈ ਸ਼ਰਧਾਲੂ ਖੇਤਾਂ ਵਿਚੋਂ ਮਿੱਟੀ ਲਿਆਉਂਦੇ ਹਨ।
ਇਕ ਔਰਤ ਸ਼ਰਧਾਲੂ ਦਾ ਕਹਿਣਾ ਸੀ ਕਿ ਇਹ ਮਿੱਟੀ ਹੀ ਤਾਂ ਉਨ੍ਹਾਂ ਨੂੰ ਅਵਾਜ਼ਾਂ ਮਾਰ ਰਹੀ ਸੀ, ਜਿਸ ਨੂੰ ਹੱਥ ਲਾਉਣ ਦਾ ਮੌਕਾ ਹੀ ੭੨ ਸਾਲ ਬਾਅਦ ਮਿਲਿਆ ਹੈ। ਇਕ ਸ਼ਰਧਾਲੂ ਨੇ ਕਸਟਮ ਅਧਿਕਾਰੀਆਂ ਨੂੰ ਇਥੋਂ ਤੱਕ ਕਹਿ ਦਿੱਤਾ ਕਿ ਉਸ ਦਾ ਹੋਰ ਸਾਮਾਨ ਭਾਵੇਂ ਜਿਹੜਾ ਮਰਜ਼ੀ ਰੱਖ ਲਓ ਪਰ ਉਹ ਬਾਬੇ ਨਾਨਕ ਦੇ ਖੇਤਾਂ ਦੀ ਮਿੱਟੀ ਤਾਂ ਆਪਣੇ ਨਾਲ ਹੀ ਲੈ ਕੇ
ਜਾਏਗੀ।