ਵਾਹਨਾਂ ‘ਚ ਭਰ ਕੇ ਨਿਕਲੀ ਨਗਦੀ ਸੌਦਾ ਸਾਧ ਦੇ ਡੇਰੇ ਅੰਦਰੋਂ ਕਿੱਥੇ ਗਈ

0
3914

ਸਾਧਵੀ ਯੌਨ ਸੋਸ਼ਣ ਮਾਮਲੇ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਦੇ ਆਈ.ਟੀ. ਹੈੱਡ ਵਿਨੀਤ ਕੁਮਾਰ ਨੇ ਪੁਲਿਸ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਡੇਰੇ ‘ਚੋਂ 2-3 ਵਾਹਨ ਭਰ ਕੇ ਨਗਦੀ ਬਾਹਰ ਗਈ ਹੈ। ਇਹ ਸਾਰੀ ਨਗਦੀ ਪੁਲਿਸ ਖਾ ਗਈ ਜਾਂ ਜ਼ਮੀਨ ਨਿਗਲ ਗਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਦੇ ਦੌਰਾਨ ਮੰਗਲਵਾਰ ਨੂੰ ਇਹ ਸਵਾਲ ਜਸਟਿਸ ਸੂਰਿਆਕਾਂਤ ਨੇ ਹਰਿਆਣਾ ਪੁਲਿਸ ਦੀ ਐੱਸ.ਆਈ.ਟੀ. ਟੀਮ ਨੂੰ ਕੀਤਾ ਹੈ। ਐੱਸ.ਆਈ.ਟੀ. ਦੀ ਜਾਂਚ ਤੋਂ ਅਸੰਤੁਸ਼ਟ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਸਨ ਕਿ ਪੁੱਛਗਿੱਛ ਦਾ ਖੁਲਾਸਾ ਸਰਵਜਨਿਕ ਕੀਤਾ ਜਾਵੇ ਪਰ ਜੇਕਰ ਜਾਂਚ ਗਲਤੀਆਂ ਨਾਲ ਭਰੀ ਹੋਵੇਗੀ ਤਾਂ ਇਸ ਨੂੰ ਸਾਂਝਾ ਕਰਨਾ ਹੀ ਠੀਕ ਰਹੇਗਾ। ਡੇਰੇ ਦੇ ਆਈ.ਟੀ. ਹੈੱਡ ਵਿਨੀਤ ਕੁਮਾਰ ਨੇ ਐੱਸ.ਆਈ.ਟੀ. ਦੇ ਸਾਹਮਣੇ ਪੁੱਛਗਿੱਛ ‘ਚ ਇਹ ਮੰਨਿਆ ਹੈ ਕਿ ਡੇਰੇ ‘ਚੋਂ ਕੈਸ਼ ਬਾਹਰ ਗਿਆ ਹੈ ਅਤੇ ਉਸਨੂੰ ਬਲਰਾਜ ਸਿੰਘ ਲੈ ਕੇ ਗਿਆ ਹੈ। ਪੁਲਿਸ ਨੇ ਬਲਰਾਜ ਸਿੰਘ ਤੋਂ ਪੁੱਛਗਿੱਛ ਵੀ ਨਹੀਂ ਕੀਤੀ। ਇਸ ਤੋਂ ਜਾਂਚ ਦਾ ਪੱਧਰ ਸਾਫ ਹੋ ਰਿਹਾ ਹੈ। ਕੋਰਟ ਨੇ ਐੱਸ.ਆਈ.ਟੀ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੀ.ਆਰ.ਪੀ.ਸੀ. 161 ਦੇ ਤਹਿਤ ਦਰਜ ਕੀਤੇ ਗਏ ਬਿਆਨਾਂ ਨੂੰ ਰਿਐਗਜ਼ਾਮਿਨ ਕਰੇ ਅਤੇ ਜ਼ਰੂਰਤ ਹੋਵੇ ਤਾਂ ਦੌਬਾਰਾ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰਕੇ ਮਾਮਲੇ ਦੀ ਅਗਲੀ ਸੁਣਵਾਈ ‘ਤੇ ਸਟੇਟਸ ਰਿਪੋਰਟ ਦੇਵੇ।ਜਸਟਿਸ ਸੂਰਿਆ ਕਾਂਤ, ਜਸਟਿਸ ਏ.ਜੀ. ਮਸੀਹ ਅਤੇ ਜਸਟਿਸ ਅਵਨੀਸ਼ ਝਿੰਗਨ ਦੀ ਫੁੱਲ ਬੈਂਚ ਨੇ ਕਿਹਾ ਕਿ ਐੱਸ.ਆਈ.ਟੀ. ਜਾਂਚ ਦੇ ਨਾਮ ‘ਤੇ ਕੋਰਟ ਨੂੰ ਗੁੰਮਰਾਹ ਕਰਨਾ ਬੰਦ ਕਰੇ ਅਤੇ ਲੋਕਾਂ ਦਾ ਕਾਨੂੰਨ ਵਿਵਸਥਾ ‘ਚ ਵਿਸ਼ਵਾਸ ਬਣਾਏ ਰੱਖਣ ਲਈ ਮਿਸਿੰਗ ਲਿੰਕ ‘ਤੇ ਕੰਮ ਕਰਕੇ ਜਾਂਚ ਨੂੰ ਪੂਰਾ ਕਰੇ।