ਜੇ ਮੇਰੀ ਦਾਦੀ ਜਿਉਂਦੀ ਹੁੰਦੀ ਤਾਂ ਮੈਨੂੰ ਸਿੱਖ ਦੀ ਭੂਮਿਕਾ ‘ਚ ਵੇਖ ਕੇ ਬਹੁਤ ਖ਼ੁਸ਼ ਹੁੰਦੀ : ਅਭਿਸ਼ੇਕ

0
1848

”ਜੇ ਅੱਜ ਮੇਰੀ ਦਾਦੀ ਜਿਊਂਦੀ ਹੁੰਦੀ, ਤਾਂ ਉਸ ਨੇ ਮੈਨੂੰ ਇਕ ਸਿੱਖ ਦੀ ਭੂਮਿਕਾ ਵਿਚ ਵੇਖ ਕੇ ਬਹੁਤ ਖ਼ੁਸ਼ ਹੋਣਾ ਸੀ।” ਇਹ ਕਹਿਣਾ ਹੈ ਬਾਲੀਵੁੱਡ ਦੇ ਫ਼ਿਲਮ ਅਦਾਕਾਰ ਅਭਿਸ਼ੇਕ ਬੱਚਨ ਦਾ ਜੋ ਅੱਜਕੱਲ੍ਹ ਫ਼ਿਲਮ ‘ਮਨਮਰਜ਼ੀਆਂ’ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਜਾਣਕਾਰੀ ਅਨੁਸਾਰ ਅਭਿਸ਼ੇਕ ਬੱਚਨ ਇਸ ਫ਼ਿਲਮ ਵਿਚ ਇਕ ਸਿੱਖ ਦਾ ਕਿਰਦਾਰ ਨਿਭਾਅ ਰਹੇ ਹਨ। ਅਭਿਸ਼ੇਕ ਬੱਚਨ ਨੇ ਉਕਤ ਗੱਲ ਇਸੇ ਫ਼ਿਲਮ ਦੇ ਸੈੱਟ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ।
ਦਰਅਸਲ ਅਭਿਸ਼ੇਕ ਦੀ ਦਾਦੀ ਤੇ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਹਰਿਵੰਸ਼ ਰਾਏ ਬੱਚਨ ਦੀ ਪਤਨੀ ਤੇਜੀ ਬੱਚਨ ਖ਼ੁਦ ਇਕ ਸਿੱਖ ਪਰਿਵਾਰ ਵਿਚ ਪੈਦਾ ਹੋਏ ਸਨ। ਫ਼ਿਲਮ ‘ਮਨਮਰਜ਼ੀਆਂ’ ਵਿਚ ਇਕ ਸਿੱਖ ਦੇ ਕਿਰਦਾਰ ਵਿਚ ਜਦੋਂ ਅਭਿਸ਼ੇਕ ਬੱਚਨ ਦੀ ਤਸਵੀਰ ਮੀਡੀਆ ਨੂੰ ਪਹਿਲੀ ਵਾਰ ਰਿਲੀਜ਼ ਕੀਤੀ ਗਈ ਤਾਂ ਉਹ ਤਸਵੀਰ ਉਸ ਦੇ ਪਿਤਾ ਤੇ ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਅਭਿਸ਼ੇਕ ਬੱਚਨ ਨੇ ਦਸਿਆ ਕਿ ਦਸਤਾਰ ਨਾਲ ਉਸ ਦੀ ਤਸਵੀਰ ਨੂੰ ਉਸ ਦੇ ਪਿਤਾ ਅਮਿਤਾਭ ਬੱਚਨ ਨੇ ਸ਼ੇਅਰ ਕੀਤਾ ਸੀ। ਉਸ ਨੇ ਦੱਸਿਆ ਕਿ ਉਸ ਦੀ ਦਾਦੀ ਵੀ ਇਕ ਸਿੱਖ ਸੀ, ਜਿਸ ਕਾਰਨ ਉਨ੍ਹਾਂ ਦੀ ਸਿੱਖ ਕੌਮ ਨਾਲ ਇਕ ਜਜ਼ਬਾਤੀ ਸਾਂਝ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਤਾਂ ਮੈਂ ਦਸਤਾਰ ਵੱਲ ਜ਼ਿਆਦਾ ਧਿਆਨ ਨਾ ਦੇ ਸਕਿਆ ਕਿਉਂਕਿ ਮੇਰਾ ਧਿਆਨ ਅਪਣੇ ਕੰਮ ਵੱਲ ਵੱਧ ਸੀ ਪਰ ਜਦੋਂ ਬਾਅਦ ਵਿਚ ਮੈਂ ਫ਼ੁਟੇਜ ਵੇਖੀ ਤਾਂ ਮੈਨੂੰ ਅਪਣੀ ਦਸਤਾਰਧਾਰੀ ਦਿੱਖ ਬਹੁਤ ਖ਼ਾਸ ਜਾਪੀ। ਅਭਿਸ਼ੇਕ ਬੱਚਨ ਨੇ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੇ ਮੇਰੀ ਦਾਦੀ ਅੱਜ ਜ਼ਿੰਦਾ ਹੁੰਦੀ ਤਾਂ ਉਹ ਜ਼ਰੂਰ ਹੀ ਮੈਨੂੰ ਇਕ ਸਰਦਾਰ ਦੇ ਰੂਪ ਵਿਚ ਵੇਖ ਬਹੁਤ ਖ਼ੁਸ਼ ਹੁੰਦੀ।
ਉਸ ਨੇ ਦਸਿਆ ਕਿ ਮੇਰੀ ਦਾਦੀ ਮੈਨੂੰ ਤੇ ਮੇਰੀ ਭੈਣ ਨੂੰ ਰਾਤ ਨੂੰ ਸੌਣ ਸਮੇਂ ਬਹੁਤ ਵਧੀਆ ਤੇ ਅਦਭੁੱਤ ਕਿਸਮ ਦੀਆਂ ਕਹਾਣੀਆਂ ਸੁਣਾਉਂਦੀ ਹੁੰਦੀ ਸੀ।ਫ਼ਿਲਮ ‘ਮਨਮਰਜ਼ੀਆਂ’ ਲਈ ਅੰਮ੍ਰਿਤਸਰ ਸ਼ਹਿਰ ਦਾ ਸੈੱਟ ਲਗਾਇਆ ਗਿਆ ਸੀ। ਇਸ ਫ਼ਿਲਮ ਦੀ ਕਹਾਣੀ ਕੁੱਝ ਇੰਝ ਹੈ, ਅਭਿਸ਼ੇਕ ਬੱਚਨ ਨੇ ਜਿਸ ਕਿਰਦਾਰ ਨੂੰ ਪਰਦੇ ‘ਤੇ ਪੇਸ਼ ਕਰਨਾ ਹੈ, ਉਸ ਦਾ ਨਾਂਅ ਰੌਬੀ ਹੈ ਤੇ ਉਹ ਇੰਗਲੈਂਡ ਦੀ ਰਾਜਧਾਨੀ ਵਿਚ ਇਕ ਬੈਂਕਰ ਹੈ। ਉਹ ਪੰਜਾਬ ਦੀ ਇਕ ਕੁੜੀ ਨਾਲ ਵਿਆਹ ਰਚਾਉਣ ਲਈ ਅੰਮ੍ਰਿਤਸਰ ਆਉਂਦਾ ਹੈ ਪਰ ਤਦ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਕੁੜੀ ਤਾਂ ਕਿਸੇ ਹੋਰ ਨੂੰ ਪਿਆਰ ਕਰਦੀ ਹੈ। ਫਿਰ ਉਸ ਨੂੰ ਇਸੇ ਬਹਾਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਘੁੰਮਣ-ਫਿਰਨ ਦਾ ਮੌਕਾ ਮਿਲਦਾ ਹੈ।