’70 ਦੀ ਉਮਰ ਵਿਚ 130 ਕਰੋੜ ਲੋਕਾਂ ਦੀ ਜ਼ਿੰਮੇਵਾਰੀ’, ਮੰਤਰੀ ਨੇ ਮੋਦੀ ਨੂੰ ਦੱਸਿਆ ‘ਮਹਾਤਮਾ’

0
453

ਦਿੱਲੀ: ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ। ਅਜਿਹੇ ਵਿਚ ਹਰ ਕਿਸੇ ਸੀ ਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਟਿਕੀ ਹੈ। ਭਾਰਤ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਹਰ ਕਿਸੇ ਨੂੰ ਉਮੀਦ ਹੈ ਕਿ ਉਹ ਕੋਰੋਨਾ ਤੋਂ ਨਿਪਟਣ ਲਈ ਤਿਆਰੀਆਂ ਵਿਚ ਜੁਟੇ ਹੋਏ ਹਨ। ਇਸੇ ਦੌਰਾਨ ਕਰਨਾਟਕਾ ਸਰਕਾਰ ਵਿਚ ਮੰਤਰੀ ਡਾਕਟਰ ਸੁਧਾਕਰ ਕੇ ਨੇ ਪ੍ਰ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ‘ਮਹਾਤਮਾ’ ਨਾਲ ਕਰ ਦਿੱਤੀ ਹੈ।
ਕਰਨਾਟਕ ਸਰਕਾਰ ਵਿਚ ਮੈਡੀਕਲ ਸਿੱਖਿਆ ਵਿਭਾਗ ਦੇ ਮੰਤਰੀ ਨੇ ਸੋਮਵਾਰ ਨੂੰ ਟਵੀਟ ਕਰ ਕੇ ਲਿਖਿਆ ਕਿ 70 ਸਾਲ ਦੀ ਉਮਰ ਵਿਚ ਪੀਐਮ ਮੋਦੀ ‘ਤੇ 130 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਹੈ। ਸਾਨੂੰ ਮਾਣ ਹੈ ਕਿ ਉਹ ਸਾਡੇ ਪੀਐਮ ਹਨ, ਉਹਨਾ ਦੀ ਚੰਗੀ ਸਿਹਤ ਲਈ ਸਾਰੇ ਪ੍ਰਾਰਥਨਾ ਕਰ ਰਹੇ ਹਨ। ਉਹ ਸੱਚ ਵਿਚ ਹੀ ‘ਮਹਾਤਮਾ’ ਬਣ ਰਹੇ ਹਨ’।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਮਹਾਤਮਾ ਦੀ ਉਪਾਧੀ ਮਹਾਤਮਾ ਗਾਂਧੀ ਨੂੰ ਦਿੱਤੀ ਗਈ ਹੈ। ਸਮਾਜ ਲਈ ਉਹਨਾਂ ਨੇ ਜੋ ਸੇਵਾ ਕੀਤੀ ਅਤੇ ਭਾਰਤ ਨੂੰ ਅਜ਼ਾਦ ਕਰਾਉਣ ਵਿਚ ਜੋ ਯੋਗਦਾਨ ਦਿੱਤਾ, ਉਸ ਦੇ ਮੱਦੇਨਜ਼ਰ ਮੋਹਨਦਾਸ ਕਰਮਚੰਦ ਗਾਂਧੀ ਨੂੰ ਦੇਸ਼ ਮਹਾਤਮਾ ਗਾਂਧੀ ਕਹਿਣ ਲੱਗਿਆ ਸੀ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਨਾਲ ਕੀਤੀ ਗਈ ਹੋਵੇ।