ਪੰਜਾਬ ’ਚ ਦੋ ਮਹੀਨਿਆਂ ਮਗਰੋਂ ਰੇਲ ਆਵਾਜਾਈ ਬਹਾਲ

0
857
Source: Indian Express

ਚੰਡੀਗੜ੍ਹ: ਰੇਲ ਮੰਤਰਾਲੇ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਅੱਜ ਪੰਜਾਬ ’ਚ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਹੋ ਗਈ ਹੈ। ਕਰੀਬ ਦੋ ਮਹੀਨਿਆਂ ਮਗਰੋਂ ਰੇਲ ਮਾਰਗਾਂ ’ਤੇ ਗੱਡੀਆਂ ਮੁੜ ਚੱਲੀਆਂ ਹਨ। ਪੰਜਾਬ ’ਚ ਦੁਪਹਿਰ ਵੇਲੇ ਸਭ ਤੋਂ ਪਹਿਲਾਂ ਮਾਲ ਗੱਡੀਆਂ ਕੋਲਾ ਤੇ ਖਾਦ ਲੈ ਕੇ ਪੁੱਜੀਆਂ। ਦੇਰ ਸ਼ਾਮ ਯਾਤਰੀ ਗੱਡੀਆਂ ਵੀ ਸੂਬੇ ਵਿਚ ਦਾਖਲ ਹੋ ਗਈਆਂ। ਭਲਕੇ ਤੋਂ ਅਨਾਜ ਦੀ ਢੋਆ-ਢੁਆਈ ਵੀ ਦੂਸਰੇ ਸੂਬਿਆਂ ਲਈ ਸ਼ੁਰੂ ਹੋ ਜਾਵੇਗੀ। ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਘੋਲ ਸ਼ੁਰੂ ਹੋਣ ਮਗਰੋਂ 24 ਸਤੰਬਰ ਤੋਂ ਪੰਜਾਬ ਵਿਚ ਰੇਲ ਗੱਡੀਆਂ ਦੀ ਆਵਾਜਾਈ ਬੰਦ ਹੋ ਗਈ ਸੀ। ਰੇਲਵੇ ਮੰਤਰਾਲੇ ਵੱਲੋਂ ਕੱਲ ਹੀ ਰੇਲ ਮਾਰਗਾਂ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਰੇਲਵੇ ਦੇ ਤਕਨੀਕੀ ਸਟਾਫ ਵੱਲੋਂ ਟਰੇਨਾਂ ਦੀ ਸੇਫਟੀ ਅਤੇ ਸੁਰੱਖਿਆ ਦੀ ਕਲੀਅਰੈਂਸ ਦੇਣ ਮਗਰੋਂ ਗੱਡੀਆਂ ਦੀ ਆਵਾਜਾਈ ਬਹਾਲ ਕਰ ਦਿੱਤੀ ਗਈ। ਦੁਪਹਿਰ ਦੋ ਵਜੇ ਮਾਲ ਗੱਡੀਆਂ ਵਾਇਆ ਅੰਬਾਲਾ ਪੰਜਾਬ ਵਿਚ ਦਾਖਲ ਹੋਈਆਂ ਅਤੇ ਸ਼ਾਮ ਤੱਕ ਸੂਬੇ ਵਿਚ 10 ਮਾਲ ਗੱਡੀਆਂ ਪੁੱਜ ਚੁੱਕੀਆਂ ਸਨ। ਵੇਰਵਿਆਂ ਅਨੁਸਾਰ ਤਲਵੰਡੀ ਸਾਬੋ ਅਤੇ ਨਾਭਾ ਥਰਮਲ ਪਲਾਂਟ ਵਿਚ ਕੋਲੇ ਦੇ ਰੈਕ, ਰਾਮਪੁਰਾ ਫੂਲ ’ਚ ਖਾਦ ਦੇ ਰੈਕ, ਨੰਗਲ ਵਿਚ ਕੋਲੇ ਦੇ ਰੈਕ ਅਤੇ ਸਾਹਨੇਵਾਲ ਵਿਚ ਕੰਟੇਨਰ ਲੈ ਕੇ ਗੱਡੀਆਂ ਆਈਆਂ। ਭਾਰਤੀ ਖੁਰਾਕ ਨਿਗਮ ਵੱਲੋਂ ਭਲਕੇ 24 ਨਵੰਬਰ ਨੂੰ ਪੰਜਾਬ ’ਚੋਂ ਅਨਾਜ ਦੇ 15 ਰੈਕ ਲੋਡ ਹੋਣਗੇ ਜਿਨ੍ਹਾਂ ਵਿਚ ਰਾਜਪੁਰਾ, ਸਰਹਿੰਦ, ਤਪਾ, ਸੰਗਰੂਰ, ਬਠਿੰਡਾ, ਨਾਭਾ, ਮਾਲੇਰਕੋਟਲਾ ਆਦਿ ਸਟੇਸ਼ਨ ਸ਼ਾਮਲ ਹਨ। ਭਲਕੇ ਚੌਲਾਂ ਦੇ 13 ਅਤੇ ਕਣਕ ਦੇ ਦੋ ਰੈਕ ਰਵਾਨਾ ਹੋਣਗੇ। ਜੰਮੂ ’ਚ ਫਸੇ ਖਾਲੀ ਰੈਕ ਵੀ ਅੱਜ ਮਾਝੇ ਵਿਚ ਪੁੱਜ ਗਏ ਹਨ। ਇਸੇ ਤਰ੍ਹਾਂ ਜੰਮੂ ਤੋਂ ਲਖਨਊ ਲਈ ਜਿਪਸਮ ਦਾ ਇੱਕ ਰੈਕ ਵਾਇਆ ਲੁਧਿਆਣਾ ਅੱਜ ਰਵਾਨਾ ਹੋਇਆ ਹੈ। ਜਲੰਧਰ ਤੋਂ ਆਇਲ ਟੈਂਕ ਵਾਲੇ ਖਾਲੀ ਰੈਕ ਦਿੱਲੀ ਭੇਜੇ ਗਏ ਹਨ। ਇਵੇਂ ਹੀ ਰਾਤ ਕਰੀਬ 10 ਵਜੇ ਤੋਂ ਯਾਤਰੀ ਗੱਡੀਆਂ ਵੀ ਚੱਲ ਪਈਆਂ ਹਨ ਜਿਸ ਤਹਿਤ ਮੁੰਬਈ ਤੋਂ ਅੰਮ੍ਰਿਤਸਰ (ਗੋਲਡਨ ਟੈਂਪਲ ਐਕਸਪ੍ਰੈਸ), ਧਨਬਾਦ ਤੋਂ ਫਿਰੋਜ਼ਪੁਰ ਕਿਸਾਨ ਐਕਸਪ੍ਰੈੱਸ, ਦਿੱਲੀ ਤੋਂ ਊਨਾ ਜਨ ਸ਼ਤਾਬਦੀ ਅਤੇ ਬਨਾਰਸ ਤੋਂ ਜੰਮੂ ਲਈ ਗੱਡੀਆਂ ਸ਼ਾਮਲ ਹਨ। ਭਲਕੇ ਅੰਮ੍ਰਿਤਸਰ ਤੋਂ ਹਰਦੁਆਰ ਲਈ ਗੱਡੀ ਰਵਾਨਾ ਹੋਵੇਗੀ। ਫਿਰੋਜ਼ਪੁਰ ਡਵੀਜ਼ਨ ਦੇ ਡੀਆਰਐੱਮ ਰਾਜੇਸ਼ ਅਗਰਵਾਲ ਨੇ ਕਿਹਾ ਕਿ ਅੱਜ ਦੁਪਹਿਰ ਦੋ ਵਜੇ ਮਾਲ ਗੱਡੀਆਂ ਚਲਾ ਦਿੱਤੀਆਂ ਗਈਆਂ ਹਨ ਅਤੇ ਭਲਕੇ ਯਾਤਰੀ ਗੱਡੀਆਂ ਵੀ ਚੱਲ ਪੈਣਗੀਆਂ। ਪਤਾ ਲੱਗਾ ਹੈ ਕਿ ਅੱਜ ਮਾਲ ਗੱਡੀਆਂ ਨੂੰ ਰੇਲ ਮਾਰਗ ’ਤੇ ਘੱਟ ਸਪੀਡ ਉਤੇ ਚਲਾਇਆ ਗਿਆ ਹੈ। ਪਾਵਰਕੌਮ ਦੇ ਡਾਇਰੈਕਟਰ (ਵੰਡ) ਡੀ ਪੀ ਐੱਸ ਗਰੇਵਾਲ ਨੇ ਕਿਹਾ ਕਿ ਬਣਾਂਵਾਲੀ ਥਰਮਲ ਵਿਚ ਕੋਲੇ ਦੇ ਰੈਕ ਪੁੱਜ ਗਏ ਹਨ ਅਤੇ ਹੁਣ ਬਿਜਲੀ ਪੈਦਾਵਾਰ ਲੀਹ ’ਤੇ ਆ ਜਾਵੇਗੀ। ਸੂਤਰਾਂ ਮੁਤਾਬਕ ਨਾਭਾ ਥਰਮਲ ਪਲਾਂਟ ਵਿਚ ਵੀ ਅੱਜ ਰੈਕ ਪੁੱਜ ਗਏ ਹਨ। ਖਾਦ ਦੀ ਕਿੱਲਤ ਵੀ ਹੁਣ ਦੂਰ ਹੋਣ ਦੀ ਸੰਭਾਵਨਾ ਹੈ। ਖਾਦ ਕੰਪਨੀਆਂ ਨੇ ਆਪਣੇ ਆਰਡਰ ਭੇਜ ਦਿੱਤੇ ਹਨ ਅਤੇ ਹਫ਼ਤੇ ਵਿਚ ਲੋੜੀਂਦੀ ਖਾਦ ਪੁੱਜਣ ਦੀ ਸੰਭਾਵਨਾ ਹੈ। ਇੰਡੀਅਨ ਪੋਟਾਸ਼ ਲਿਮਿਟਡ ਦੇ ਖੇਤਰੀ ਅਧਿਕਾਰੀ ਰਵੀ ਅਗਰਵਾਲ ਨੇ ਦੱਸਿਆ ਕਿ 24 ਨਵੰਬਰ ਤੱਕ ਯੂਰੀਆ ਅਤੇ ਡੀਏਪੀ ਦੇ ਛੇ ਰੈਕ ਰਾਮਪੁਰਾ, ਅਬੋਹਰ, ਬਟਾਲਾ, ਤਰਨ ਤਾਰਨ, ਲੁਧਿਆਣਾ ਅਤੇ ਗੁਰਦਾਸਪੁਰ ’ਚ ਪਹੁੰਚਣਗੇ। ਉਨ੍ਹਾਂ ਦੱਸਿਆ ਕਿ 15 ਰੈਕ ਦਾ ਹੋਰ ਆਰਡਰ ਦਿੱਤਾ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਯੂਰੀਆ ਦਾ ਭੰਡਾਰ ਨਾ ਕਰਨ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ ਕਿਉਂਕਿ ਅਨਾਜ ਨਾਲ ਨੱਕੋ ਨੱਕ ਭਰੇ ਗੋਦਾਮ ਵੀ ਹੁਣ ਖਾਲੀ ਹੋਣੇ ਸ਼ੁਰੂ ਹੋ ਜਾਣਗੇ ਜਿਨ੍ਹਾਂ ਵਿਚ ਨਵਾਂ ਚੌਲ ਭੰਡਾਰ ਕੀਤਾ ਜਾਣਾ ਹੈ।