ਅਹਿਮਦਾਬਾਦ: ਭਾਰਤ ਦੀ ਪਲੇਠੀ ਫੇਰੀ ’ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਸਵਾ ਲੱਖ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ ਲੋਕਾਂ ਨੂੰ ਕੱਟੜਵਾਦੀ ਇਸਲਾਮਿਕ ਦਹਿਸ਼ਤਵਾਦ ਤੋਂ ਬਚਾਉਣ ਲਈ ਵਚਨਬੱਧ ਹਨ। ਅਮਰੀਕੀ ਸਦਰ ਨੇ ਐਲਾਨ ਕੀਤਾ ਕਿ ਉਹ ਮੰਗਲਵਾਰ ਨੂੰ ਵਫ਼ਦ ਪੱਧਰ ਦੀ ਗੱਲਬਾਤ ਦੌਰਾਨ ਭਾਰਤ ਨਾਲ 3 ਅਰਬ ਅਮਰੀਕੀ ਡਾਲਰ ਦਾ ਸੁਰੱਖਿਆ ਕਰਾਰ ਸਹੀਬੰਦ ਕਰਨਗੇ। ਅਮਰੀਕੀ ਸਦਰ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਤਾਰੀਫ਼ ਕੀਤੀ ਤੇ ਉਨ੍ਹਾਂ ਨੂੰ ਦੇਸ਼ ਲਈ ਦਿਨ ਰਾਤ ਕੰਮ ਕਰਨ ਵਾਲਾ ‘ਅਸਧਾਰਨ ਆਗੂ’ ਦੱਸਿਆ। ਟਰੰਪ ਨੇ ਕਿਹਾ ਕਿ ਅਮਰੀਕਾ ਹਮੇਸ਼ਾ ਭਾਰਤ ਦਾ ਅਡੋਲ ਤੇ ਵਫ਼ਾਦਾਰ ਦੋਸਤ ਰਹੇਗਾ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਪਰਿਵਾਰ ਨੂੰ ਜੀ ਆਇਆਂ ਆਖਦਿਆਂ ਅਮਰੀਕੀ ਸਦਰ ਦੀ ਫੇਰੀ ਨੂੰ ਇਤਿਹਾਸਕ ਭਾਰਤ-ਅਮਰੀਕਾ ਸਬੰਧਾਂ ਵਿੱਚ ‘ਨਵਾਂ ਅਧਿਆਇ’ ਦੱਸਿਆ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਰਿਸ਼ਤੇ ਤੇ ਸਹਿਯੋਗ 21ਵੀਂ ਸਦੀ ਵਿੱਚ ਵਿਸ਼ਵ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਇਸ ਤੋੋਂ ਪਹਿਲਾਂ ਸ੍ਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੂੰ ਹਵਾਈ ਅੱਡੇ ’ਤੇ ਜਾ ਕੇ ਖੁ਼ਦ ਜੀ ਆਇਆਂ ਆਖਿਆ। ਸ੍ਰੀ ਮੋਦੀ ਅਮਰੀਕੀ ਸਦਰ ਦੀ ਧੀ ਇਵਾਂਕਾ ਟਰੰਪ ਤੇ ਜਵਾਈ ਜੇਅਰਡ ਕੁਸ਼ਨਰ ਨੂੰ ਵੀ ਮਿਲੇ। ਟਰੰਪ ਜੋੜੇ ਦੇ ਸਵਾਗਤ ਲਈ ਇਸ ਮੌਕੇ ਗੁਜਰਾਤ ਦੇ ਰਾਜਪਾਲ, ਮੁੱਖ ਮੰਤਰੀ ਵਿਜੈ ਰੂਪਾਨੀ, ਅਮਰੀਕਾ ਤੇ ਭਾਰਤ ਦੇ ਰਾਜਦੂਤਾਂ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ। ਹਵਾਈ ਅੱਡੇ ’ਤੇ ਵੱਖ ਵੱਖ ਰਵਾਇਤੀ ਪੁਸ਼ਾਕਾਂ ’ਚ ਸਜੇ ਕਲਾਕਾਰਾਂ ਨੇ ਸਭਿਆਚਾਰਕ ਝਾਕੀਆਂ ਰਾਹੀਂ ਅਮਰੀਕੀ ਸਦਰ ਤੇ ਉਨ੍ਹਾਂ ਦੀ ਪਤਨੀ ਦਾ ਸਵਾਗਤ ਕੀਤਾ। ਏਅਰਫੋਰਸ ਵਨ ਨੇ ਅਹਿਮਦਾਬਾਦ ਹਵਾਈ ਅੱਡੇ ’ਤੇ ਸਵੇਰੇ 11:40 ਵਜੇ ਪੁੱਜਣਾ ਸੀ, ਪਰ ਜਹਾਜ਼ ਨਿਰਧਾਰਿਤ ਸਮੇਂ ਨਾਲੋਂ ਕੁਝ ਮਿੰਟ ਪਹਿਲਾਂ ਹੀ ਇਥੇ ਉੱਤਰ ਗਿਆ। ਹਵਾਈ ਅੱਡੇ ਤੋਂ ਟਰੰਪ ਜੋੜਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪੋ ਆਪਣੇ ਸਰਕਾਰੀ ਵਾਹਨਾਂ ਵਿੱਚ ਮੋਟੇਰਾ ਸਟੇਡੀਅਮ ਲਈ ਰਵਾਨਾ ਹੋ ਗਏ। 22 ਕਿਲੋਮੀਟਰ ਦੇ ਇਸ ਫਾਸਲੇ ਦੌਰਾਨ ਟਰੰਪ ਪਰਿਵਾਰ ਸਾਬਰਮਤੀ ਆਸ਼ਰਮ ਵਿੱਚ ਵੀ ਰੁਕਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਥੇ ਮੌਜੂਦ ਸਨ। ਰਸਤੇ ਵਿੱਚ ਲੋਕਾਂ ਨੇ ਥਾਂ ਥਾਂ ਅਮਰੀਕੀ ਸਦਰ ਦੀਆਂ ਗੱਡੀਆਂ ਦੇ ਕਾਫ਼ਲੇ ਦਾ ਹੱਥ ਹਿਲਾ ਕੇ ਸਵਾਗਤ ਕੀਤਾ। ਇਸ ਦੌਰਾਨ ਸਟੇਡੀਅਮ ਦੇ ਰੂਟ ਤਕ ਚੱਪੇ ਚੱਪੇ ’ਤੇ ਸੁਰੱਖਿਆ ਬਲ ਤਾਇਨਾਤ ਸਨ। ਮੋਟੇਰਾ ਸਟੇਡੀਅਮ ਪੁੱਜਣ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦਾ ਸਵਾਗਤ ਕੀਤਾ।
ਸਟੇਡੀਅਮ ਵਿੱਚ ਸਵਾ ਲੱਖ ਲੋਕਾਂ ਦੀ ਹਾਜ਼ਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਅਮਰੀਕੀ ਸਦਰ ਡੋਨਲਡ ਟਰੰਪ ਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ। ਉਨ੍ਹਾਂ ਤਿੰਨ ਵਾਰ ‘ਨਮਸਤੇ ਟਰੰਪ’ ਕਹਿ ਕੇ ਟਰੰਪ ਜੋੜੇ ਨੂੰ ‘ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ’ਚ ਜੀ ਆਇਆਂ ਨੂੰ’ ਆਖਿਆ। ਸ੍ਰੀ ਮੋਦੀ ਨੇ ਕਿਹਾ ਕਿ ਟਰੰਪ ਦੀ ਭਾਰਤ ਫੇਰੀ ਦੋਵਾਂ ਮੁਲਕਾਂ ਦੇ ਰਿਸ਼ਤਿਆਂ ’ਚ ਨਵਾਂ ਅਧਿਆਏ ਹੈ। ਉਨ੍ਹਾਂ ਕਿਹਾ ਕਿ ਅੱਜ 130 ਕਰੋੜ ਭਾਰਤੀ ਮਿਲ ਕੇ ‘ਨਵੇਂ ਭਾਰਤ’ ਦਾ ਨਿਰਮਾਣ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਪੁਲਾੜ ਵਿੱਚ ਸਭ ਤੋਂ ਵੱਧ ਉਪ ਗ੍ਰਹਿ ਭੇਜਣ ਦਾ ਰਿਕਾਰਡ ਹੀ ਨਹੀਂ ਬਣਾ ਰਿਹਾ, ਬਲਕਿ ਤੇਜ਼ੀ ਨਾਲ ਵੱਡੀ ਵਿੱਤੀ ਤਾਕਤ ਵਜੋਂ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅੱਜ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਸਿਖਰਲੀ ਜੰਗੀ ਮਸ਼ਕ ਵਿੱਚ ਸ਼ਾਮਲ ਹਨ।
ਅਮਰੀਕੀ ਸਦਰ ਨੇ ‘ਨਮਸਤੇ ਟਰੰਪ’ ਈਵੈਂਟ ਨੂੰ ਸੰਬੋਧਨ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਨ ਰਾਤ ਕੰਮ ਕਰਨ ਵਾਲਾ ‘ਨਿਵੇਕਲਾ ਆਗੂ’ ਦੱਸਿਆ। ਟਰੰਪ ਨੇ ਕਿਹਾ ਕਿ ਮੋਦੀ ਸਰਕਾਰ ਨੂੰ 2019 ਲੋਕ ਸਭਾ ਚੋਣਾਂ ਵਿੱਚ ਮਿਲੀ ਬੇਮਿਸਾਲ ਜਿੱਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਦੀ ਇਸ ਗੱਲ ਦੀ ‘ਜਿਊਂਦੀ ਜਾਗਦੀ ਮਿਸਾਲ’ ਹਨ ਕਿ ਇਕ ਆਮ ਭਾਰਤੀ (ਚਾਹ ਵਾਲਾ ਵੀ) ਸਖ਼ਤ ਮਿਹਨਤ ਨਾਲ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਅਰਥਚਾਰਾ ਹੋਣ ਦੇ ਨਾਤੇ ਭਾਰਤ ਨੇ ਸਮੁੱਚੀ ਮਨੁੱਖਤਾ ਨੂੰ ਇਕ ਨਵੀਂ ਆਸ ਦਿੱਤੀ ਹੈ। ਟਰੰਪ ਨੇ ਕਿਹਾ, ‘ਨਮਸਤੇ, ਮੇਰੇ ਲਈ ਬਹੁਤ ਵੱਡਾ ਸਨਮਾਨ ਹੈ।’ ਅਮਰੀਕੀ ਸਦਰ ਨੇ ਇਸ ਮੌਕੇ ਭਾਰਤੀ ਸਭਿਆਚਾਰ ਵਿਚਲੀ ਵੰਨ-ਸੁਵੰਨਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਅਮਰੀਕੀ ਅਰਥਚਾਰੇ ਵਿੱਚ ਆਏ ਉਭਾਰ ’ਤੇ ਵੀ ਚਾਨਣਾ ਪਾਇਆ। ਟਰੰਪ ਨੇ ਕਿਹਾ ਕਿ ਭਾਰਤ ਅਗਲੇ ਦਸ ਸਾਲਾਂ ਵਿੱਚ ਸਿਰੇ ਦੀ ਗਰੀਬੀ ਦਾ ਖਾਤਮਾ ਕਰਕੇ ਜਲਦੀ ਹੀ ਮੱਧ ਵਰਗ ਲਈ ਸਭ ਤੋਂ ਵੱਡਾ ਘਰ ਬਣੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਲੋਕਾਂ ਨੂੰ ਕੱਟੜਵਾਦੀ ਇਸਲਾਮਿਕ ਦਹਿਸ਼ਤਵਾਦ ਤੋਂ ਬਚਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਅਮਰੀਕੀ ਸਰਕਾਰ ਪਾਕਿਸਤਾਨ ਦੀ ਸਰਜ਼ਮੀਨ ’ਤੇ ਮੌਜੂਦ ਦਹਿਸ਼ਤੀ ਜਥੇਬੰਦੀਆਂ ’ਤੇ ਨਕੇਲ ਕੱਸਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਦੋਸਤੀ ਕੁਦਰਤੀ ਤੇ ਸਥਿਰ ਹੈ। ਟਰੰਪ ਨੇ ਕਿਹਾ ਕਿ ਦੋਵੇਂ ਮੁਲਕ ‘ਵਿਲੱਖਣ ਵਪਾਰ’ ਸਮਝੌਤੇ ’ਤੇ ਕੰਮ ਕਰ ਰਹੇ ਹਨ, ਪਰ ਪ੍ਰਧਾਨ ਮੰਤਰੀ ‘ਸਖ਼ਤ ਸਾਲਸ’ ਹਨ, ਜਿਨ੍ਹਾਂ ਨੂੰ ਆਪਣੀ ਗੱਲ ਪੁਗਾਉਣੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਵਣਜ ਵਿੱਚ 40 ਫੀਸਦ ਤੋਂ ਵੱਧ ਦਾ ਇਜ਼ਾਫ਼ਾ ਹੋਇਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਪਹਿਲਾਂ ਹੀ ਵੱਡੇ ਸੁਧਾਰ ਕਰ ਚੁੱਕੇ ਹਨ ਤੇ ਪੂਰਾ ਵਿਸ਼ਵ ਭਾਰਤ ਦੇ ਕਾਰੋਬਾਰੀ ਮਾਹੌਲ ਵਿੱਚ ਤੇਜ਼ੀ ਨਾਲ ਆ ਰਹੇ ਸੁਧਾਰਾਂ ਨੂੰ ਵੇਖ ਰਿਹਾ ਹੈ। -ਪੀਟੀਆਈ












