ਵੈਨਕੂਵਰ ਸਿਟੀ ਕੌਂਸਲ ਨੇ ਕਾਮਾਗਾਟਾਮਾਰੂ ਦੁਖਾਂਤ ਲਈ ਮੰਗੀ ਮੁਆਫੀ

0
1157

23 ਨੂੰ ਯਾਦਗਾਰੀ ਦਿਵਸ ਮਨਾਉਣ ਦਾ ਐਲਾਨ

ਸਰੀ: ਵੈਨਕੂਵਰ ਸਿਟੀ ਕੌਂਸਲ ਦੇ ਮੇਅਰ ਕੈਨੇਡੀ ਸਟੀਵਰਟ ਨੇ ਸਿਟੀ ਕੌਂਸਲ ਅਤੇ ਆਪਣੇ ਵੱਲੋਂ ਕਾਮਾਗਾਟਾਮਾਰੂ ਘਟਨਾ ਤੇ ਅਫਸੋਸ ਪ੍ਰਗਟ ਕਰਦਿਆਂ ਇਸ ਦੁਖਾਂਤ ਲਈ ਸਿਟੀ ਵੱਲੋਂ ਨਿਭਾਈ ਭੂਮਿਕਾ ਲਈ ਮੁਆਫੀ ਮੰਗੀ ਹੈ।
ਕਾਮਾਗਾਟਾਮਾਰੂ ਦੀ 107 ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਕਿਹਾ ਹੈ ਕਿ ਇਸ ਨਸਲੀ ਵਿਤਕਰੇ ਅਤੇ ਉਸ ਤੋਂ ਬਾਅਦ ਵਾਪਰੇ ਦੁਖਾਂਤ ਲਈ ਸਾਨੂੰ ਅਫ਼ਸੋਸ ਹੈ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵੈਨਕੂਵਰ ਸਿਟੀ ਕੌਂਸਲ ਵੱਲੋਂ 23 ਮਈ ਨੂੰ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਸਿਟੀ ਵੱਲੋਂ ਕਾਮਾਗਾਟਾਮਾਰੂ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਰਾਹੀਂ ਇਸ ਭਿਆਨਕ ਘਟਨਾ ਨੂੰ ਦਰਸਾਉਂਦੀ ਇਕ ਵੀਡੀਓ ਵੀ ਲਾਂਚ ਕੀਤੀ ਜਾਵੇਗੀ ਅਤੇ ਵੈਨਕੂਵਰ ਸਿਟੀ ਹਾਲ ਨੂੰ ਸੰਤਰੀ ਰੰਗਤ ਦਿੱਤੀ
ਜਾਵੇਗੀ।
ਜ਼ਿਕਰਯੋਗ ਹੈ ਕਿ ਕਾਮਾਗਾਟਾ ਮਾਰੂ ਦੁਖਾਂਤ 1914 ਵਿਚ ਵਾਪਰਿਆ ਸੀ, ਜਦੋਂ 376 ਯਾਤਰੀਆਂ ਨੂੰ ਲੈ ਕੇ ਕਾਮਾਗਾਟਾਮਾਰੂ ਨਾਂ ਦਾ ਜਾਪਾਨੀ ਸਮੁੰਦਰੀ ਜਹਾਜ਼ ਵੈਨਕੂਵਰ ਦੀ ਬੰਦਰਗਾਹ ‘ਤੇ ਪੁੱਜਾ ਸੀ। ਇਸ ਜਹਾਜ਼ ਵਿਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਵਾਰ ਸਨ। 23 ਮਈ 1914 ਦੇ ਦਿਨ ਸਮੇਂ ਦੀ ਕੈਨੇਡਾ ਸਰਕਾਰ ਨੇ ਨਸਲਵਾਦ ਅਤੇ ਵਿਤਕਰੇ ਦੀ ਭਾਵਨਾ ਤਹਿਤ ਉਸ ਜਹਾਜ਼ ਦੇ ਯਾਤਰੀਆਂ ਨੂੰ ਕੈਨੇਡਾ ਦੀ ਧਰਤੀ ‘ਤੇ ਉੱਤਰਨ ਦੀ ਆਗਿਆ ਨਹੀਂ ਦਿੱਤੀ ਸੀ। ਇਨ੍ਹਾਂ ਯਾਤਰੀਆਂ ਨੂੰ ਬੇਰੰਗ ਹੀ ਪਰਤਣਾ ਪਿਆ
ਸੀ।
ਵਾਪਸੀ ਉਪਰੰਤ ਜਦੋਂ ਇਹ ਜਹਾਜ਼ ਕਲਕੱਤਾ ਦੀ ਬਜਬਜ ਬੰਦਰਗਾਹ ‘ਤੇ ਪੁੱਜਾ ਤਾਂ ਇਨ੍ਹਾਂ ਪੰਜਾਬੀ ਯਾਤਰੀਆਂ ‘ਤੇ ਭਾਰਤ ਵਿਚਲੀ ਅੰਗਰੇਜ਼ੀ ਹਕੂਮਤ ਦੀ ਪੁਲਿਸ ਨੇ ਗੋਲੀਆਂ ਵਰ੍ਹਾ ਦਿੱਤੀਆਂ ਸਨ, ਜਿਸ ਵਿਚ 19 ਵਿਅਕਤੀ ਸ਼ਹੀਦ ਹੋ ਗਏ ਸਨ। ਇਸ ਘਟਨਾ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲਾਂ ਹੀ ਸੰਸਦ ਵਿਚ ਮੁਆਫ਼ੀ ਮੰਗ ਚੁੱਕੇ ਹਨ।