ਸਰੀ ਨਗਰਪਾਲਿਕਾ ਨੇ ਪਾਰਕ ‘ਚ ਸੂਚਨਾ ਬੋਰਡ ਲਾ ਕੇ ਪੰਜਾਬੀਆਂ ਨੂੰ ਦਿੱਤੀ ਨਸੀਹਤ

0
1231

ਸਰੀ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਪੰਜਾਬੀਆਂ ਦੀ ਭਾਰੀ ਵਸੋਂ ਵਾਲੇ ਸ਼ਹਿਰ ਸਰੀ ਦੀ ਨਗਰਪਾਲਿਕਾ ਨੇ ੧੩੩ ਸਟਰੀਟ ਤੇ ੬੮ ਐਵੇਨਿਊ ‘ਤੇ ਸਥਿਤ ਅਨਵਿਨ ਪਾਰਕ ਵਿਚ ਇਕ ਸੂਚਨਾ ਬੋਰਡ ਲਾਇਆ ਹੈ।
ਜਿਸ ‘ਤੇ ਅੰਗਰੇਜ਼ੀ ਤੇ ਪੰਜਾਬੀ ‘ਚ ਲਿਖਿਆ ਹੈ, “ਕਿਰਪਾ ਕਰ ਕੇ ਪਾਰਕ ਦੇ ਗੁਆਂਢੀਆਂ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਇੱਜ਼ਤ ਕਰੋ, ਸ਼ਰਾਬ ਪੀਣ, ਗਾਲੀ ਗਲੋਚ ਕਰਨ, ਉੱਚੇ ਬੋਲਣ ਅਤੇ ਦੂਸਰਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਸੰਕੋਚ ਕਰੋ।” ਅਖੀਰ ਵਿਚ ਸਹਿਯੋਗ ਦੇਣ ਲਈ ਤੁਹਾਡਾ ਧੰਨਵਾਦ ਲਿਖਿਆ ਹੋਇਆ ਹੈ। ਸਰੀ ਦਾ ਇਹ ਖੂਬਸੂਰਤ ਪਾਰਕ ੩੬ ਏਕੜ ਵਿਚ ਫੈਲਿਆ ਹੋਇਆ ਹੈ ਤੇ ਇਸ ‘ਚ ਬੱਚਿਆਂ ਦੇ ਖੇਡਣ ਲਈ ਝੂਲੇ ਤੇ ਪਿਕਨਿਕ ਥਾਵਾਂ ਤੋਂ ਇਲਾਵਾ ਕ੍ਰਿਕਟ, ਫੁੱਟਬਾਲ ਤੇ ਬਾਸਕਿਟਬਾਲ ਦੇ ਮੈਦਾਨ ਬਣੇ ਹੋਏ ਹਨ, ਜਿੱਥੇ ਰੋਜ਼ਾਨਾ ਖਿਡਾਰੀ, ਬੱਚੇ ਤੇ ਸੈਰ ਕਰਨ ਵਾਲੇ ਵੱਡੀ ਗਿਣਤੀ ਵਿਚ ਆਉਂਦੇ ਹਨ ਜਿਨ੍ਹਾਂ ‘ਚ ਪੰਜਾਬੀ ਬਜ਼ੁਰਗ ਤੇ ਬੀਬੀਆਂ ਵੀ ਸ਼ਾਮਿਲ ਹਨ। ਇਸ ਨਵੇਂ ਲਾਏ ਬੋਰਡ ਤੋਂ ਸੰਕੇਤ ਮਿਲੇ ਹਨ ਕਿ ਪੰਜਾਬੀ ਇਸ ਪਾਰਕ ਸਮੇਤ ਹੋਰ ਪਾਰਕਾਂ ਵਿਚ ਬੇਨਿਯਮੀਆਂ ਕਰਕੇ ਆਮ ਨਾਗਰਿਕਾਂ ਲਈ ਪ੍ਰੇਸ਼ਾਨੀਆਂ ਪੈਦਾ ਕਰ ਰਹੇ ਹਨ ਜੋ ਬੜੀ ਨਮੋਸ਼ੀ ਵਾਲੀ ਗੱਲ ਹੈ।