ਅੰਮ੍ਰਿਤਧਾਰੀ ਜਗਮੀਤ ਸਿੰਘ ਡੈਮੋਕ੍ਰੇਟਿਕ ਪਾਰਟੀ ਆਗੂ ਦੀ ਦੌੜ ‘ਚ

    0
    1068

    ਟੋਰਾਂਟੋ : ਬਰੈਂਪਟਨ ਦੇ ਧੜੱਲੇਦਾਰ ਐਮਐਲਏ ਅਤੇ ਓਨਟਾਰੀਓ ਸੂਬਾਈ ਡੈਮੋਕਰੇਟਿਕ ਪਾਰਟੀ ਦੇ ਡਿਪਟੀ ਲੀਡਰ ਜਗਮੀਤ ਸਿੰਘ ਹੁਣ ਮੁਲਕ ਦੇ ਪਾਰਟੀ ਨੇਤਾ ਬਣਨ ਦੀ ਦੌੜ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਸ ਤੋਂ ਇਲਾਵਾ ਚਾਰ ਹੋਰ ਉਮੀਦਵਾਰ ਇਸ ਲੀਡਰਸ਼ਿਪ ਦੀ ਦੌੜ ‘ਚ ਸ਼ਾਮਲ ਹਨ। ਉਹ ਆਪਣੇ ਇਸ ਫ਼ੈਸਲੇ ਦਾ ਜਨਤਕ ਤੌਰ ‘ਤੇ ਐਲਾਨ ਅਗਲੇ ਹਫ਼ਤੇ ਵਿਸ਼ੇਸ਼ ਇਕੱਠ ਦੌਰਾਨ ਕਰਨਗੇ। ਪੇਸ਼ੇਵਰ ਵਕੀਲ 38 ਸਾਲਾ ਅੰਮ੍ਰਿਤਧਾਰੀ ਜਗਮੀਤ ਸਿੰਘ 2011 ‘ਚ ਸੂਬਾਈ ਸਿਆਸਤ ‘ਚ ਆਏ ਅਤੇ ਪਹਿਲੀ ਵਾਰ 2015 ‘ਚ ਸੂਬਾਈ ਐਨਡੀਪੀ ਦੇ ਡਿਪਟੀ ਲੀਡਰ ਬਣੇ। ਜਗਮੀਤ ਸਿੰਘ ਨੇ ਸੂਬਾਈ ਚੋਣ ਮੁਹਿੰਮ ਦੌਰਾਨ ਜਾਤ-ਪਾਤ ਦੀ ਬਰਾਬਰਤਾ ਜਤਾਉਣ ਲਈ ਆਪਣਾ ‘ਗੋਤ’ ਧਾਲੀਵਾਲ ਆਪਣੇ ਨਾਮ ਨਾਲੋਂ ਹਟਾ ਦਿੱਤਾ ਸੀ। ਸੂਬਾਈ ਪਾਰਟੀ ਪ੍ਰਧਾਨ ਐਂਡਰੀਆ ਹੌਰਵਥ ਨੇ ਆਖਿਆ ਕਿ ਜਗਮੀਤ ਸਿੰਘ ਆਪਣੇ ਕੰਮਾਂ ‘ਚ ਸੁਹਿਰਦਤਾ ਕਾਰਨ ਪਾਰਟੀ ਦੀ ‘ਤਾਕਤ’ ਬਣਿਆ ਹੈ। ਸਿਆਸਤ ਤੋਂ ਇਲਾਵਾ ਉਸ ਦਾ ਨਾਮ ‘ਲਾਈਫ ਮੈਗਜ਼ੀਨ’ ‘ਚ ਟੋਰਾਂਟੋ ਦਾ ‘ਵਧੀਆ ਪਹਿਰਾਵੇ ਵਾਲਾ’ ਅਤੇ ‘ਸਿਰੇ ਦੇ 50 ਲੋਕਾਂ’ ਦੀ ਸੂਚੀ ਵਿੱਚ ਆਇਆ ਹੈ।