ਕੈਨੇਡਾ ਦੀ ਪੁਲੀਸ ਅਤੇ ਸਰਹੱਦੀ ਸੁਰੱਖਿਆ ਏਜੰਸੀ ਨੇ ਅਪਰਾਧੀ ਤੇ ਗੈਰਕਨੂੰਨੀ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਵਿੱਚ ਤੇਜ਼ੀ ਲਿਆਂਦੀ ਹੈ। ਪਿਛਲੇ ਮਹੀਨੇ ਤੋਂ ਦੇਸ਼ ਦੇ ਵੱਖ ਵੱਖ ਹਵਾਈ ਅੱਡਿਆਂ ਤੋਂ ਰੋਜਾਨਾ 10-15 ਲੋਕਾਂ ਨੂੰ ਡਿਪੋਰਟ ਕੀਤੇ ਜਾਣਾ ਆਮ ਵਰਤਾਰਾ ਬਣ ਗਿਆ ਹੈ।
ਖ਼ੁਦ ਕੋਲ ਅਧਿਕਾਰ ਨਾ ਹੋਣ ਕਰਕੇ ਪੁਲੀਸ ਵਲੋਂ ਅਪਰਾਧੀ ਪਾਏ ਜਾਣ ਵਾਲੇ ਲੋਕਾਂ ਨੂੰ ਡਿਪੋਰਟ ਕਰਨ ਲਈ ਸੁਰੱਖਿਆ ਏਜੰਸੀ ਦਾ ਸਹਿਯੋਗ ਮੰਗਣ ਵਿੱਚ ਕਈ ਗੁਣਾਂ ਵਾਧੇ ਬਾਰੇ ਵੀ ਪਤਾ ਲੱਗਾ ਹੈ। ਆਵਾਸ ਵਿਭਾਗ ਵਲੋਂ ਪਿਛਲੇ ਮਹੀਨਿਆਂ ’ਚ ਏਜੰਸੀ ਦੇ ਮੁਲਾਜ਼ਮਾਂ ਦੀ ਗਿਣਤੀ ਵਿੱਚ ਢਾਈ ਹਜ਼ਾਰ ਦੇ ਵਾਧੇ ਤੋਂ ਬਾਅਦ ਇਹ ਤੇਜੀ ਆਈ ਹੈ। ਫਿਰੌਤੀ, ਗੋਲੀਬਾਰੀ ਅਤੇ ਹੋਰ ਹਿੰਸਕ ਮਾਮਲਿਆਂ ਵਾਲੇ ਦੋਸ਼ੀਆਂ ਦੀ ਫੜੋਫੜਾਈ ਵੀ ਪਹਿਲਾਂ ਤੋਂ ਕਾਫ਼ੀ ਵਧ ਗਈ ਹੈ ਤੇ ਉਨ੍ਹਾਂ ਦੀ ਪਹਿਲੀ ਪੇਸ਼ੀ ਮੌਕੇ ਸੁਰੱਖਿਆ ਏਜੰਸੀ (CBSA) ਤੋਂ ਸਹਿਯੋਗ ਮੰਗਿਆ ਜਾਂਣ ਲੱਗਾ ਹੈ, ਤਾਂ ਜੋ ਪਹਿਲੀ ਪੇਸ਼ੀ ਮੌਕੇ ਜੱਜ ਤੋਂ ਵਾਪਸ ਭੇਜਮ ਦੀ ਆਗਿਆ ਲੈ ਲਈ ਜਾ ਸਕੇ।
ਕੁਝ ਹਫਤਿਆਂ ਤੋਂ ਬ੍ਰਿਟਿਸ਼ ਕੋਲੰਬੀਆ ਤਾਇਨਾਤ ਸਥਾਨਕ ਅਤੇ ਕੇਂਦਰੀ ਪੁਲੀਸ ਵਲੋਂ ਫਿਰੌਤੀਆਂ, ਗੋਲੀਬਾਰੀ ਅਤੇ ਹੋਰ ਹਿੰਸਕ ਅਪਰਾਧਾਂ ਹੇਠ ਧੜਾਧੜ ਗ੍ਰਿਫਤਾਰੀਆਂ ਹੋਣ ਲੱਗੀਆਂ ਹਨ ਤੇ ਨਾਲੋ ਨਾਲ ਸੁਰੱਖਿਆ ਏਜੰਸੀ ਨਾਲ ਤਾਲਮੇਲ ਕਰ ਲਿਆ ਜਾਂਦਾ ਹੈ। ਕੈਨੇਡਾ ਤੋਂ ਸਿੱਧੀਆਂ ਭਾਰਤ ਜਾਣ ਵਾਲੀਆਂ ਉਡਾਣਾਂ ’ਚ ਯਾਤਰੀਆਂ ਦੀ ਗਿਣਤੀ ਬਾਰੇ ਪੁੱਛੇ ਜਾਣ ਤੇ ਟਿੱਕਟਾਂ ਬੁੱਕ ਕਰਨ ਵਾਲੇ ਏਜੰਟ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਇਨ੍ਹਾਂ ਦਿਨਾਂ ਵਿੱਚ ਲਗਪਗ ਇੱਕ ਤਿਹਾਈ ਸਵਾਰੀਆਂ ਹੁੰਦੀਆਂ ਸੀ, ਪਰ ਹੁਣ ਬਹੁਤ ਘੱਟ ਜਹਾਜ਼ ਖਾਲ੍ਹੀ ਜਾਂਦੀ ਹਨ।
ਪੁਲੀਸ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਹੁਣ ਗੈਰ ਗੰਭੀਰ ਦੋਸ਼ਾਂ ਵਾਲਿਆਂ ਨੂੰ ਵੀ ਵਾਪਸ ਤੋਰਿਆ ਜਾ ਰਿਹਾ ਹੈ। ਸਰੀ ਪੁਲੀਸ ਵਲੋਂ ਅੱਜ ਜਾਰੀ ਸੂਚਨਾ ਅਨੁਸਾਰ ਘਰ ’ਤੇ ਗੋਲੀਬਾਰੀ ਕਰਨ ਦੇ ਦੋਸ਼ ਹੇਠ ਫੜੇ ਅਮਨ ਸਿੰਘ (21) ਤੇ ਸਿਮਰਜੀਤ ਸਿੰਘ (22) ਨੂੰ 29 ਜੂਨ ਨੂੰ ਜੱਜ ਅੱਗੇ ਪੇਸ਼ ਕੀਤਾ ਜਾਣਾ ਹੈ, ਦੇ ਮਾਮਲੇ ਚ ਸੁਰੱਖਿਆ ਏਜੰਸੀ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਜਿਸ ਮਾਮਲੇ ’ਚ ਏਜੰਸੀ ਨੂੰ ਸ਼ਾਮਲ ਕੀਤਾ ਗਿਆ, ਉਹ ਸਾਰੇ ਡਿਪੋਰਟ ਹੋ ਚੁੱਕੇ ਹਨ। 15 ਜੁਲਾਈ ਤੋਂ ਜ਼ਮਾਨਤ ਸਬੰਧੀ ਸਖਤ ਕਨੂੰਨ ਲਾਗੂ ਹੋ ਜਾਵੇਗਾ, ਹਾਲਾਂਕਿ ਸਰਕਾਰ ਵਲੋਂ ਸ਼ੁਰੂ ਕੀਤੀ ਸਖਤੀ ਨਾਲ ਆਮ ਲੋਕਾਂ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਸਿਰਫ ਖਾਨਾਪੂਰਤੀ ਬਣਕੇ ਰਹਿ ਜਾਏਗੀ ਇਸ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ












