ਕੈਨੇਡਾ ‘ਚ ਆਨਲਾਈਨ ਪੜ੍ਹਾਈ ਕਰ ਰਹੇ ਵਿਦਿਆਰਥੀ ਰਾਤਾਂ ਨੂੰ ਜਾਗੇ ਕੱਟਣ ਲਈ ਮਜਬੂਰ

0
1619

ਚੰਡੀਗੜ੍ਹ: ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਦਾਖ਼ਲਾ ਲੈ ਕੇ ਵੀਜ਼ਾ ਪ੍ਰਾਪਤ ਹੋਣ ਦੇ ਬਾਵਜੂਦ ਕੋਰੋਨਾ ਮਹਾਂਮਾਰੀ ਕਾਰਨ ਵਿਦੇਸ਼ ਨਾ ਜਾ ਸਕਣ ਵਾਲੇ ਪੰਜਾਬ ਦੇ ਅਨੇਕਾਂ ਵਿਦਿਆਰਥੀ ਆਨਲਾਈਨ ਕਲਾਸਾਂ ਲਗਾਉਣ ਲਈ ਰਾਤਾਂ ਝਾਕਦੇ ਹਨ ਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪਿੰਡਾਂ ‘ਚ ਨੈੱਟ ਦੀ ਰੇਂਜ ਵੀ ਪੂਰੀ ਨਾ ਮਿਲਣ ਕਾਰਨ ਵੱਡੀ ਸਮੱਸਿਆ ਆ ਰਹੀ ਹੈ।
ਭਾਵੇਂ ਹੁਣ ਵਿਦੇਸ਼ੀ ਵਿੱਦਿਅਕ ਸੰਸਥਾਵਾਂ ਦੀ ਆਗਿਆ ਨਾਲ ੧੭ ਮਾਰਚ ਤੋਂ ਪਹਿਲਾਂ ਵੀਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾ ਵੀ ਰਹੇ ਹਨ ਪਰ ਇਨ੍ਹਾਂ ਵਿਦਿਆਰਥੀਆਂ ‘ਚ ਵੀ ਇਹ ਤੌਖਲਾ ਪਾਇਆ ਜਾ ਰਿਹਾ ਕਿ ਉਨ੍ਹਾਂ ਨੂੰ ਵਾਪਸ ਨਾ ਮੋੜ ਦਿੱਤਾ ਜਾਵੇ। ਜਾਣਕਾਰੀ ਅਨੁਸਾਰ ਆਨਲਾਈਨ ਕਲਾਸਾਂ ਲੈਣ ਦੀ ਬਜਾਏ ਬਹੁਤ ਸਾਰੇ ਵਿਦਿਆਰਥੀਆਂ ਨੇ ਆਪਣੇ ਕੋਰਸ ਪਹਿਲਾਂ ਸਤੰਬਰ ਮਹੀਨੇ ਤੇ ਹੁਣ ਕਈਆਂ ਵਲੋਂ ਅੱਗੇ ਜਨਵਰੀ ੨੦੨੧ ਦੇ ਲੈ ਲਏ ਹਨ ਪਰ ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਆਨਲਾਈਨ ਕਲਾਸਾਂ ਵੀ ਲਈਆਂ ਹੋਈਆਂ ਹਨ ਅਤੇ ਜਿਹੜੇ ਵਿਦਿਆਰਥੀਆਂ ਨੂੰ ਕਈ ਵਾਰ ਰਾਤ ੧ ਤੋਂ ੨ ਵਜੇ ਵੀ ਕਲਾਸਾਂ ਲਾਉਣੀਆਂ ਪੈਂਦੀਆਂ ਹਨ ਜੋ ਪੂਰੀ ਰਾਤ ਹੀ ਜਾਗ ਕੇ ਕੱਟਦੇ ਹਨ। ਕੈਨੇਡਾ ਤੇ ਭਾਰਤੀ ਸਮੇਂ ‘ਚ ਬਹੁਤੇ ਥਾਵਾਂ ‘ਤੇ ਦਿਨ ਤੇ ਰਾਤ ਦਾ ਫ਼ਰਕ ਹੋਣ ਕਾਰਨ ਵਿਦਿਆਰਥੀਆਂ ਦੀਆਂ ਬਹੁਤੀਆਂ ਕਲਾਸਾਂ ਰਾਤ ਸਮੇਂ ਹੀ ਲੱਗਦੀਆਂ ਹਨ ਤੇ ਇਨ੍ਹਾਂ ਕਲਾਸਾਂ ਬਾਰੇ ਸਬੰਧਿਤ ਕਾਲਜਾਂ ਵਲੋਂ ਵਿਦਿਆਰਥੀਆਂ ਨੂੰ ਪਹਿਲਾਂ ਜਮਾਤਾਂ ਦੀ ਸੂਚਨਾ ਜ਼ਰੂਰ ਦੇ ਦਿੱਤੀ ਜਾਂਦੀ ਹੈ।
ਇਸ ਦੌਰਾਨ ਆਨਲਾਈਨ ਜਮਾਤਾਂ ਲਗਾਉਣ ਵਾਲੇ ਕਈ ਵਿਦਿਆਰਥੀਆਂ, ਜਿਨ੍ਹਾਂ ਵਲੋਂ ਇਕ ਸਾਲ ਦਾ ਹੀ ਕੋਰਸ ਲਿਆ ਗਿਆ ਸੀ ਉਨ੍ਹਾਂ ਨੂੰ ਇਹ ਵੀ ਡਰ ਵੀ ਹੈ ਕਿ ਜੇ ਸਾਰਾ ਕੋਰਸ ਇੱਥੇ ਹੀ ਪੂਰਾ ਹੋ ਗਿਆ ਤਾਂ ਉਨ੍ਹਾਂ ਨੂੰ ਕਿਧਰੇ ਕੈਨੇਡਾ ਜਾਣ ਦਾ ਮੌਕਾ ਹੀ ਨਾ ਮਿਲੇ। ਜਦੋਂਕਿ ਵੀਜ਼ਾ ਮਾਹਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਆਪਣਾ ੫੦ ਪ੍ਰਤੀਸ਼ਤ ਕੋਰਸ ਆਨਲਾਈਨ ਕਰ ਸਕਦਾ ਹੈ, ਜਿਸ ਦਾ ਲਾਭ ਵਿਦਿਆਰਥੀ ਨੂੰ ਕੈਨੇਡਾ ਜਾ ਕੇ ਮਿਲੇਗਾ।
ਕੈਨੇਡਾ ਜਾਣ ‘ਚ ਪਈ ਬਰੇਕ ਤੇ ਆਨਲਾਈਨ ਸ਼ੁਰੂ ਹੋਈਆਂ ਕਲਾਸਾਂ ਨੂੰ ਕਈ ਵਿਦਿਆਰਥੀ ਤਾਂ ਕੋਰਸ ਲਈ ਉੱਥੇ ਜਾ ਕੇ ਪੈਣ ਵਾਲੇ ਖ਼ਰਚਿਆਂ ਤੋਂ ਬਚਾਅ ਵਜੋਂ ਵੀ ਦੇਖ ਰਹੇ ਹਨ ਪਰ ਬਹੁ-ਗਿਣਤੀ ਵਿਦਿਆਰਥੀ ਇਸ ਨੂੰ ਘਾਟੇ ਵਾਲਾ ਸੌਦਾ ਹੀ ਆਖ ਰਹੇ ਹਨ ਤੇ ਉਹ ਕੈਨੇਡਾ ਜਾ ਕੇ ਹੀ ਪੜ੍ਹਨ ਦੀ ਮੰਗ ਕਰ ਰਹੇ ਹਨ। ਵੀਜ਼ਾ ਮਾਹਰ ਸਰਬਜੀਤ ਸਿੰਘ ਛੀਨਾ ਅਨੁਸਾਰ ਆਨਲਾਈਨ ਜਮਾਤਾਂ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਭਾਵੇਂ ਸਮੱਸਿਆ ਤਾਂ ਆ ਰਹੀ ਹੈ ਪਰ ਉਹ ੫੦ ਪ੍ਰਤੀਸ਼ਤ ਕੋਰਸ ਆਪਣੇ ਹੋਮ ਕੰਟਰੀ ‘ਚ ਰਹਿ ਕੇ ਕਰ ਸਕਦੇ ਹਨ, ਜਿਸ ਦਾ ਉਨ੍ਹਾਂ ਦੇ ਪੋਸਟ ਸਟੱਡੀ ਵਰਕ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਆਈਲੈਟਸ ਕਰਨ ਦੇ ਬਾਵਜੂਦ ਵੀਜ਼ੇ ਲਈ ਅਪਲਾਈ ਨਹੀਂ ਕਰ ਰਹੇ, ਜਦੋਂਕਿ ਹੁਣ ਕੈਨੇਡਾ ਸਰਕਾਰ ਵਲੋਂ ਦੋ ਸਟੇਜਾਂ ‘ਚ ਵੀਜ਼ਾ ਸ਼ੁਰੂ ਕਰ ਦਿੱਤਾ ਹੈ, ਪਹਿਲੀ ਸਟੇਜ ‘ਚ ਕੈਨੇਡਾ ਸਰਕਾਰ ਵਲੋਂ ਏ.ਆਈ.ਪੀ. ਭਾਵ ਵੀਜ਼ੇ ਲਈ ਹਾਂ ਕਰ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਦੂਜੀ ਸਟੇਜ ‘ਚ ਵੀ.ਐਫ.ਐਸ. (ਪਾਸਪੋਰਟ ਜਮ੍ਹਾ ਹੋਣ ਵਾਲੇ ਦਫ਼ਤਰ) ਖੁੱਲਣ ‘ਤੇ ਪਾਸਪੋਰਟ ਜਮ੍ਹਾ ਹੋਣਗੇ ਤੇ ਉਨ੍ਹਾਂ ਦੇ ਪਾਸਪੋਰਟ ‘ਤੇ ਵੀਜ਼ੇ ਦਾ ਸਟਿੱਕਰ ਲਗਾ ਦਿੱਤਾ ਜਾਵੇਗਾ। ਭਾਵੇਂ ਕੈਨੇਡਾ ਸਰਕਾਰ ਤੇ ਉੱਥੋਂ ਦੀਆਂ ਵਿੱਦਿਅਕ ਸੰਸਥਾਵਾਂ ਵਲੋਂ ਵਿਦਿਆਰਥੀਆਂ ਨੂੰ ਹਰ ਪੱਖੀ ਹੁੰਗਾਰਾ ਤਾਂ ਮਿਲ ਰਿਹਾ ਹੈ ਪਰ ਇਸ ਦੇ ਬਾਵਜੂਦ ਇਹ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।