ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ 14 ਅਕਤੂਬਰ ਨੂੰ ਕੇਂਦਰ ਨਾਲ ਗੱਲਬਾਤ ਕਰਨ ਲਈ ਸਹਿਮਤ

0
840

ਚੰਡੀਗੜ੍ਹ: ਚੰਡੀਗੜ੍ਹ ਵਿੱਚ ਹੋਈ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸਮਾਪਤ ਹੋ ਗਈ ਹੈ ਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਭਲਕੇ 14 ਅਕਤੂਬਰ ਨੂੰ ਕੇਂਦਰ ਸਰਕਾਰ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਜ਼ਰੂਰ ਹੋਣਗੀਆਂ। ਇਸ ਦੇ ਨਾਲ ਹੀ ਸਪਸ਼ਟ ਕੀਤਾ ਕਿ ਜੇ ਮੀਟਿੰਗ ਵਿੱਚ ਉਸਾਰੂ ਸਿੱਟੇ ਨਾ ਨਿਕਲੇ ਤਾਂ ਸੰਘਰਸ਼ ਸਬੰਧੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਅੱਜ ਦੀ ਇਸ ਮੀਟਿੰਗ ਵਿੱਚ ਤੀਹ ਕਿਸਾਨ ਜਥੇਬੰਦੀਆਂ ਸ਼ਾਮਲ ਸਨ, ਜਦਕਿ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਵਿੱਚ ਹਿੱਸਾ ਨਹੀਂ ਲਿਆ। ਇਸੇ ਦੌਰਾਨ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਸੁੱਖ ਸਰਕਾਰੀਆ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਕੈਪਟਨ ਸੰਦੀਪ ਸੰਧੂ ਨੇ ਵੀ ਇਨ੍ਹਾਂ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਨੇ ਅਪੀਲ ਕੀਤੀ ਹੈ ਕਿ ਕਿਸਾਨ ਰੇਲਵੇ ਟਰੈਕ ਖਾਲੀ ਕਰ ਦੇਣ ਤਾਂ ਜੋ ਕਿਸਾਨੀ ਨਾਲ ਸਬੰਧਤ ਵਸਤਾਂ ਬਾਹਰੋਂ ਮੰਗਵਾਉਣ ਲਈ ਸੌਖ ਹੋ ਸਕੇ ਪਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ 15 ਅਕਤੂਬਰ ਤੱਕ ਰੇਲਵੇ ਲਾਈਨਾਂ ‘ਤੇ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ।ਮੀਟਿੰਗ ਉਪਰੰਤ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਵੱਖ ਰਹੇ ਸੰਘਰਸ਼ ਸੰਬੰਧੀ ਅਤੇ ਰੇਲਾਂ ਮਾਰਗਾਂ ’ਤੇ ਲੱਗੇ ਪੱਕੇ ਨਾਕੇ ਹਟਾਉਣ ਸਬੰਧੀ ਦਿੱਲੀ ‘ਚ ਹੋਣ ਵਾਲੀ ਮੀਟਿੰਗ ਤੋਂ ਬਾਅਦ 15 ਅਕਤੂਬਰ ਨੂੰ ਜਥੇਬੰਦੀਆਂ ਦੇ ਨੁਮਾਇੰਦੇ ਮੁੜ ਮੀਟਿੰਗ ਕਰਨਗੇ। ਉਨ੍ਹਾਂ ਦੱਸਿਆ ਕਿ ਸਾਰੀਆਂ ਜਥੇਬੰਦੀਆਂ ਦਰਮਿਆਨ ਸਰਬਸੰਮਤੀ ਨਾਲ ਇਹੀ ਰਾਏ ਬਣੀ ਹੈ ਕਿ ਕੇਂਦਰ ਸਰਕਾਰ ਦੀ ਗੱਲ ਜ਼ਰੂਰ ਸੁਣੀ ਜਾਵੇ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਬਾਰੇ ਤੇ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਗੰਭੀਰ ਹੈ ਜਾਂ ਨਹੀਂ। ਇਸੇ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਕਾਇਮ ਮੰਤਰੀਆਂ ਦੀ ਕਮੇਟੀ ਨਾਲ ਜ਼ਿਆਦਾ ਵਿਸਥਾਰਤ ਗੱਲਬਾਤ ਨਹੀਂ ਕੀਤੀ। ਕਿਸਾਨਾਂ ਦੇ ਫ਼ੈਸਲੇ ਨਾਲ ਕੇਂਦਰ ਤੇ ਰਾਜ ਸਰਕਾਰ ਨੇ ਕੁੱਝ ਰਾਹਤ ਮਹਿਸੂਸ ਕੀਤੀ ਹੈ।