ਨਸ਼ੇ ਦੇ ਆਦੀਆਂ ਨੇ ਮੋੜੀਆਂ ਓਟ ਸੈਂਟਰਾਂ ਵੱਲ ਮੁਹਾਰਾਂ

0
911

ਕਰੋਨਾ ਦੇ ਸੰਕਟ ਨੇ ਪੰਜਾਬ ਵਿੱਚ ਫੈਲੇ ਨਸ਼ੇ ਦੇ ਸੌਦਾਗਰਾਂ ਦੀਆਂ ਸਰਗਰਮੀਆਂ ਨੂੰ ਵੀ ਠੱਲ੍ਹ ਪਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਆਲਮ ਇਹ ਹੈ ਕਿ ਨਸ਼ੇ ਦੀ ਦਲਦਲ ਵਿੱਚ ਫਸੇ ਅਨੇਕਾਂ ਹੀ ਲੋਕਾਂ ਨੂੰ ਹੁਣ ਕਰਫਿਊ ਦੇ ਡਰ ਅਤੇ ਆਪਣੀ ਨਸ਼ੇ ਦੀ ਲਤ ਪੂਰੀ ਕਰਨ ਲਈ ਸਰਕਾਰ ਵੱਲੋਂ ਸ਼ੁਰੂ ਕੀਤੇ ਓਟ ਸੈਂਟਰਾਂ ਦੀ ਦਹਿਲੀਜ਼ ਮੱਲਣੀ ਪੈ ਰਹੀ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਵਿੱਚ 22 ਮਾਰਚ ਤੋਂ ਬਾਅਦ ਹੋਈ ਸਖ਼ਤੀ ਤੋਂ ਬਾਅਦ ਕਈ ਹਜ਼ਾਰ ਨਸ਼ੇ ਦੇ ਆਦੀ ਲੋਕ ਸਰਕਾਰੀ ਓਟ ਸੈਂਟਰਾਂ ਵਿੱਚ ਨਸ਼ਾ ਮੁਕਤੀ ਦੀ ਦਵਾਈ ਲੈਣ ਲਈ ਆਏ ਹਨ ਅਤੇ ਗਿਣਤੀ ਲਗਾਤਾਰ ਵਧ ਰਹੀ ਹੈ। ਪੰਜਾਬ ਸਰਕਾਰ ਨੇ ਸਾਲ 2017 ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸ਼ਹਿਰਾਂ ਵਿੱਚ ਓਟ (ਆਊਟ ਪੇਸ਼ੈਂਟ ਓਪੀਆਡ ਅਸਿਸਟੈਂਟ ਟਰੀਟਮੈਂਟ) ਸੈਂਟਰਾਂ ਦੀ ਸਥਾਪਨਾ ਕਰਵਾਈ ਸੀ ਜਿੱਥੇ ਨਸ਼ਾ ਮੁਕਤੀ ਦੀ ਦਵਾਈ ਦਿੱਤੀ ਜਾਂਦੀ ਹੈ।
ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਇਨ੍ਹਾਂ ਸੈਂਟਰਾਂ ਦੇ ਖੁੱਲ੍ਹ ਜਾਣ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ ਆਪਣਾ ਇਲਾਜ ਕਰਵਾਉਣ ਲੱਗੇ ਸਨ ਪਰ ਹੌਲੀ ਹੌਲੀ ਨਸ਼ੇ ਦੇ ਸੌਦਾਗਰਾਂ ਨੇ ਕੁਝ ਅਜਿਹੇ ਨਸ਼ੇ ਦੇ ਆਦੀਆਂ ਨੂੰ ਮੁੜ ਤੋਂ ਆਪਣੇ ਨਾਲ ਜੋੜਨ ਵਿੱਚ ਸਫ਼ਲਤਾ ਹਾਸਲ ਕਰ ਲਈ ਸੀ। ਹਾਲ ਵਿੱਚ ਹੀ ਆਏ ਕਰੋਨਾ ਦੇ ਸੰਕਟ ਤੋਂ ਬਾਅਦ ਪੰਜਾਬ ਵਿੱਚ ਲੱਗੇ ਕਰਫਿਊ ਨੇ ਨਸ਼ੇ ਦੇ ਸੌਦਾਗਰਾਂ ਦੀ ਪਕੜ ਮੁੜ ਤੋਂ ਅਜਿਹੇ ਨਸ਼ੇ ਦੇ ਆਦੀ ਮਰੀਜ਼ਾਂ ਦੇ ਗਲੇ ਤੋਂ ਢਿੱਲੀ ਕਰ ਦਿੱਤੀ ਹੈ। ਜ਼ਿਲ੍ਹਾ ਮੋਗਾ ਦੇ ਅੰਕੜੇ ਹੀ ਦੇਖੀਏ ਤਾਂ 22 ਮਾਰਚ ਤੋਂ ਲੈ ਕੇ ਹੁਣ ਤੱਕ ਤਕਰੀਬਨ 12 ਸੌ ਅਜਿਹੇ ਨਵੇਂ ਮਰੀਜ਼ ਨਸ਼ਾ ਮੁਕਤੀ ਦੀ ਦਵਾਈ ਲੈਣ ਲਈ ਵੱਖ-ਵੱਖ ਓਟ ਸੈਂਟਰਾਂ ਵਿੱਚ ਪੁੱਜੇ ਹਨ, ਜਿਹੜੇ ਪਹਿਲਾਂ ਕਦੇ ਆਏ ਹੀ ਨਹੀਂ ਸਨ।