ਭਾਰਤ-ਚੀਨ ਦੀਆਂ ਫ਼ੌਜਾਂ ਪਿੱਛੇ ਹਟਣ ’ਤੇ ਨਜ਼ਰ ਰੱਖ ਰਹੇ ਹਾਂ: ਅਮਰੀਕਾ

0
755
FILE PHOTO: U.S. State Department Spokesman Ned Price speaks to reporters during a news briefing at the State Department in Washington, U.S., February 17, 2021. REUTERS/Kevin Lamarque/Pool/File Photo

ਵਾਸ਼ਿੰਗਟਨ: ਅਮਰੀਕਾ ਨੇ ਅੱਜ ਕਿਹਾ ਕਿ ਭਾਰਤ ਅਤੇ ਚੀਨ ਵੱਲੋਂ ਅਸਲ ਕੰਟਰੋਲ ਰੇਖਾ (ਐਲਏਸੀ) ਤੋਂ ਆਪੋ-ਆਪਣੀਆਂ ਫ਼ੌਜਾਂ ਵਾਪਸ ਸੱਦਣ ਦੀ ਰਿਪੋਰਟ ’ਤੇ ਉਹ ਨੇੜਿਓਂ ਨਜ਼ਰ ਰੱਖ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤਣਾਅ ਘਟਾਉਣ ਲਈ ਕੀਤੀ ਜਾ ਰਹੀ ਕਾਰਵਾਈ ਦਾ ਉਹ ਸਵਾਗਤ ਕਰਦੇ ਹਨ। ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਰੀਕਾ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਦੋਵਾਂ ਦੇਸ਼ਾਂ ਵੱਲੋਂ ਸ਼ਾਂਤੀਪੂਰਨ ਹੱਲ ਵੱਲ ਵਧਣਾ ਸ਼ਲਾਘਾਯੋਗ ਹੈ। ਦੱਸਣਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਤਣਾਅ ਘਟਾਉਣ ਲਈ ਦਸ ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ। ਪਿਛਲੇ ਸਾਲ ਮਈ-ਜੂਨ ਤੋਂ ਭਾਰਤ ਤੇ ਚੀਨ ਦਰਮਿਆਨ ਤਣਾਅ ਬਣਿਆ ਹੋਇਆ ਹੈ। ਗਲਵਾਨ ਵਾਦੀ ਵਿਚ ਦੋਵਾਂ ਧਿਰਾਂ ’ਚ ਹੋਏ ਹਿੰਸਕ ਟਕਰਾਅ ਵਿਚ ਭਾਰਤ ਦੇ 20 ਸੈਨਿਕ ਸ਼ਹੀਦ ਹੋਏ ਸਨ। ਚੀਨ ਨੇ ਹਾਲ ਹੀ ਵਿਚ ਆਪਣੇ ਚਾਰ ਸੈਨਿਕ ਹਲਾਕ ਹੋਣ ਬਾਰੇ ਮੰਨਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਫ਼ੌਜੀ ਤੇ ਕੂਟਨੀਤਕ ਪੱਧਰਾਂ ਉਤੇ ਕਈ ਗੇੜਾਂ ਵਿਚ ਸੰਵਾਦ ਹੋ ਚੁੱਕਾ ਹੈ। ਦਸਵੇਂ ਗੇੜ ਦੀ ਵਾਰਤਾ ਤੋਂ ਬਾਅਦ ਪੈਂਗੌਂਗ ਝੀਲ ਦੇ ਕੰਢਿਆਂ ਤੋਂ ਫ਼ੌਜਾਂ ਨੂੰ ਸੱਦਣ ਉਤੇ ਸਹਿਮਤੀ ਬਣੀ ਸੀ। ਭਾਰਤ ਦੇ ਕਰੀਬ 50 ਹਜ਼ਾਰ ਸੈਨਿਕ ਸਖ਼ਤ ਸਰਦੀ ’ਚ ਪੂਰਬੀ ਲੱਦਾਖ ਦੇ ਉੱਚੇ ਪਰਬਤੀ ਇਲਾਕਿਆਂ ਵਿਚ ਕਈ ਮਹੀਨੇ ਤਾਇਨਾਤ ਰਹੇ ਹਨ।