ਪਹਿਲਾ ਇਨਸਾਨੀ ਰੋਬੋਟ ਕਲਾਕਾਰ

0
2010

ਕੀ ਰੋਬੋਟ ਵੀ ਰਚਨਾਤਮਕ ਹੋ ਸਕਦੇ ਹਨ? ਜੀ ਹਾਂ, ਆਓ ਮਿਲਦੇ ਹਾਂ ਅਜਿਹੇ ਹੀ ਪਹਿਲੇ ਮਨੁੱਖੀ ਰੋਬੋਟ ਕਲਾਕਾਰ ਨੂੰ। ਬ੍ਰਿਟਿਸ਼ ਆਰਟਸ ਇੰਜੀਨੀਅਰਿੰਗ ਕੰਪਨੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਕੇ ਇਕ ਅਜਿਹੀ ਮਨੁੱਖੀ ਔਰਤ ਰੋਬੋਟ ਤਿਆਰ ਕੀਤੀ ਹੈ, ਜਿਹੜੀ ਕਿਸੇ ਵੀ ਇਨਸਾਨ ਦੀ ਤਸਵੀਰ ਬਣਾ ਸਕਦੀ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਹ ਇਸ ਤਰ੍ਹਾਂ ਦਾ ਪਹਿਲਾਂ ਰੋਬੋਟ ਹੈ।ਇਸ ਦਾ ਨਾਂ ‘ਆਈ ਡਾਅ’ ਰੱਖਿਆ ਗਿਆ। ਇਸ ਰੋਬੋਟ ਨੂੰ ਏਡਨ ਮੇਲਰ ਨੇ ਡਿਜ਼ਾਈਨ ਕੀਤਾ ਹੈ। ਏਡਨ ਨੇ ਦੱਸਿਆ ਕਿ ‘ਆਈ ਡਾਅ’ ਦੀਆਂ ਅੱਖਾਂ ‘ਚ ਕੈਮਰੇ ਲਾਏ ਗਏ ਹਨ, ਜਿਸ ਦੀ ਮਦਦ ਨਾਲ ਉਹ ਕਿਸੇ ਵੀ ਮਨੁੱਖੀ ਚਿਹਰੇ ਦੀ ਪਛਾਣ ਕਰ ਸਕਦੀ ਹੈ। ਆਈ ਡਾਅ ਪੈਨਸਿਲ ਦੀ ਮਦਦ ਨਾਲ ਤਸਵੀਰਾਂ ਬਣਾ ਸਕਦੀ ਹੈ। ਇਹ ਆਪਣੇ ਕੈਮਰੇ ਨਾਲ ਤੁਹਾਡੇ ਚਿੱਤਰ ਖਿੱਚ ਸਕਦੀ ਹੈ ਤੇ ਹੱਥਾਂ ਵਿੱਚ ਪੈਨਸਿਲ ਫੜ ਕੇ ਚਿੱਤਰ ਬਣਾ ਸਕਦੀ ਹੈ। ਹੁਣ ਤਕ ‘ਆਈ ਡਾਅ’ ਨੇ ਮਨੁੱਖ, ਜਾਨਵਰ ਤੇ ਕਈ ਹੋਰ ਚਿੱਤਰ ਬਣਾਏ ਹਨ। ਇਸ ਦੀ ਖਾਸੀਅਤ ਹੈ ਕਿ ਇਹ ਇਨਸਾਨਾਂ ਵਿੱਚ ਫਰਕ ਸਮਝ ਸਕਦੀ ਹੈ। ਇਹ ਰੋਬੋਟ ਮਨੁੱਖ ਦੀਆਂ ਅੱਖਾਂ ਵਿੱਚ ਵੀ ਦੇਖ ਸਕਦੀ ਹੈ, ਮਨੁੱਖ ਦੀ ਤਰ੍ਹਾਂ ਮੂੰਹ ਖੋਲ੍ਹ ਅਤੇ ਬੰਦ ਕਰ ਸਕਦੀ ਹੈ। ਇਸ ਦੇ ਨਾਲ-ਨਾਲ ਆਈ ਡਾਅ ਮਨੁੱਖ ਨਾਲ ਗੱਲਬਾਤ ਵੀ ਕਰ ਸਕਦੀ ਹੈ। ਆਈ ਡਾਅ ਦਾ ਅਜੇ ਸਿਰਫ ਢਾਂਚਾ ਤਿਆਰ ਹੋਇਆ ਹੈ। ਇਸ ਦੀ ਟੈਸਟਿੰਗ ਹੋ ਚੁੱਕੀ ਹੈ। ਇਸ ਦੇ ਡਿਜ਼ਾਈਨਰ ਇਸ ਨੂੰ ਮਨੁੱਖ ਦੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਦੇ ਵਾਲ ਲੰਬੇ ਹੋਣਗੇ। ਇਸ ਦੀ ਚਮੜੀ ਸਿਲੀਕਾਨ ਦੀ ਹੋਵੇਗੀ। ਦੰਦ ਅਤੇ ਮਸੂੜੇ ਥ੍ਰੀ-ਡੀ ਪ੍ਰਿੰਟਿਡ ਹੋਣਗੇ। ਇਸ ਦੀ ਤੁਲਨਾ ਦੁਨੀਆ ਦੀ ਪਹਿਲੀ ਮਨੁੱਖੀ ਔਰਤ ਰੋਬੋਟ ‘ਸੋਫੀਆ’ ਨਾਲ ਕੀਤੀ ਜਾ ਸਕਦੀ ਹੈ, ਜੋ 2016 ਵਿੱਚ ਹੋਂਦ ‘ਚ ਆ ਚੁੱਕੀ ਹੈ। ਜਿਸ ਨੂੰ ਸਊਦੀ ਅਰਬ ਦੀ ਨਾਗਰਿਕਤਾ ਵੀ ਮਿਲ ਚੁੱਕੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਰੋਬੋਟਸ ਆਮ ਮਨੁੱਖ ਦੀ ਜਗ੍ਹਾਂ ਲੈਂਦੇ ਨਜ਼ਰ ਆਉਣਗੇ।