ਕਿਸਾਨਾਂ ਦੀ ਮੌਤ ‘ਤੇ ਜਨਤਾ ਦੇ ਪੈਸਿਆਂ ਨਾਲ ਸਰਕਾਰ ਮਨਾ ਰਹੀ ਹੈ ਜਸ਼ਨ – ਭਗਵੰਤ ਮਾਨ

0
1464

ਚੰਡੀਗੜ੍ਹ- ਆਮ ਆਦਮੀ ਪਾਰਟੀ ਨੇ ਕਰਜ਼-ਮੁਆਫੀ ਪ੍ਰਮਾਣ-ਪੱਤਰ ਵੰਡ ਸਮਾਗਮ ਵਿਚ ਕੈਪਟਨ ਸਰਕਾਰ ਵੱਲੋਂ ਕੀਤੇ ਜਾ ਰਹੇ ਫ਼ਾਲਤੂ ਖ਼ਰਚਿਆਂ ਨੂੰ ਕਿਸਾਨਾਂ ਦੀ ਮੌਤ ‘ਤੇ ਜਨਤਾ ਦੇ ਪੈਸਿਆਂ ਨਾਲ ਮਨਾ ਰਹੀ ਜਸ਼ਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਕਿਸਾਨ ਕਰਜ਼-ਮੁਆਫੀ ਯੋਜਨਾ ਸੰਪੂਰਨ ਤੌਰ ‘ਤੇ ਅਸਫਲ ਸਾਬਤ ਹੋਈ ਹੈ। ਸਰਕਾਰ ਆਪਣੀ ਇਸ ਅਸਫਲਤਾ ਨੂੰ ਛੁਪਾਉਣ ਲਈ ਝੂਠੇ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ ਅਤੇ ਉਹ ਜਨਤਾ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਆਪਣੇ ਜਸ਼ਨਾਂ ‘ਤੇ ਖ਼ਰਚ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ।

ਉਨ੍ਹਾਂ ਨੇ ਕਿਹਾ ਕਿ ਕਰਜ਼-ਮੁਆਫੀ ਪ੍ਰਮਾਣ ਪੱਤਰ ਵੰਡ ਸਮਾਗਮ ਵਿੱਚ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਬਠਿੰਡਾ ਵਿੱਚ ਆਯੋਜਨ ਕੀਤੇ ਸਮਾਗਮ ਵਿਚ 11 ਲੱਖ ਰੁਪਏ ਖ਼ਰਚ ਕਰਨ ਦੇ ਗੱਲ ਸਾਹਮਣੇ ਆਈ ਹੈ। ਜਿੱਥੇ 11 ਹਜ਼ਾਰ ਲੋਕਾਂ ਲਈ ਨਾਸ਼ਤਾ ਅਤੇ ਮਿਨਰਲ ਵਾਟਰ ਤੇ ਬੁਲਟ ਪਰੂਫ਼ ਟੈਂਟ ਦਾ ਪ੍ਰਬੰਧ ਜਨਤਾ ਦੇ ਪੈਸਿਆਂ ਨਾਲ ਕੀਤਾ ਗਿਆ ਸੀ। ਹਜ਼ਾਰਾਂ ਪੁਲਿਸ ਕਰਮਚਾਰੀਆਂ ਦੀ ਡਿਊਟੀ ਦਾ ਪ੍ਰਬੰਧ ਵੱਖ-ਵੱਖ ਥਾਵਾਂ ‘ਤੇ ਕੀਤਾ ਗਿਆ।