ਨੌਜਵਾਨਾਂ ‘ਚ ਕੈਂਸਰ ਦੀ ਵੱਡੀ ਵਜ੍ਹਾ ਬਣ ਰਿਹੈ ਮੋਟਾਪਾ

0
1521

ਵਾਸ਼ਿੰਗਟਨ : ਮੋਟਾਪਾ ਦੁਨੀਆ ਭਰ ‘ਚ ਤੇਜ਼ੀ ਨਾਲ ਵਧਦੀ ਜਾ ਰਹੀ ਬਿਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ। ਪੱਛਮ ਦੇ ਬਹੁਤ ਸਾਰੇ ਦੇਸ਼ਾਂ ‘ਚ ਇਸ ਨੇ ਮਹਾਮਾਰੀ ਜਿਹਾ ਰੂਪ ਧਾਰ ਲਿਆ ਹੈ। ਮੋਟਾਪਾ ਇਸ ਲਈ ਵੀ ਵੱਡੀ ਸਮੱਸਿਆ ਹੈ, ਕਿਉਂਕਿ ਇਹ ਡਾਇਬਟੀਜ਼ ਤੇ ਕੈਂਸਰ ਜਿਹੀਆਂ ਕਈ ਹੋਰਨਾਂ ਬਿਮਾਰੀਆਂ ਦਾ ਵੀ ਕਾਰਨ ਬਣਦਾ ਹੈ। ਹਾਲੀਆ ਦੇ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਨੌਜਵਾਨਾਂ ‘ਚ ਮੋਟਾਪਾ ਕੈਂਸਰ ਦੀ ਵੱਡੀ ਵਜ੍ਹਾ ਬਣਦਾ ਜਾ ਰਿਹਾ ਹੈ।
ਵਿਗਿਆਨੀਆਂ ਨੇ 1995 ਤੋਂ 2014 ਦੌਰਾਨ 30 ਤਰ੍ਹਾਂ ਦੇ ਕੈਂਸਰ ‘ਤੇ ਅਧਿਐਨ ਕੀਤਾ। ਇਨ੍ਹਾਂ ‘ਚ 12 ਤਰ੍ਹਾਂ ਦੇ ਕੈਂਸਰ ਅਜਿਹੇ ਸਨ, ਜੋ ਮੋਟਾਪੇ ਕਾਰਨ ਹੁੰਦੇ ਹਨ। ਸ਼ੋਧ ‘ਚ 25 ਤੋਂ 84 ਸਾਲ ਦੀ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਤੇ 1.46 ਕਰੋੜ ਮਾਮਲਿਆਂ ਦਾ ਅਧਿਐਨ ਹੋਇਆ। ਸ਼ੋਧ ਨੂੰ ਲੈਂਸੇਟ ਪਬਲਿਕ ਹੈਲਥ ‘ਚ ਪ੍ਕਾਸ਼ਤ ਕੀਤਾ ਗਿਆ ਹੈ। ਵਿਗਿਆਨੀਆਂ ਨੇ ਪਾਇਆ ਕਿ ਮੋਟਾਪੇ ਕਾਰਨ ਹੋਣ ਵਾਲੇ 12 ‘ਚੋਂ ਛੇ ਤਰ੍ਹਾਂ ਦੇ ਕੈਂਸਰ 25 ਤੋਂ 49 ਸਾਲ ਦੀ ਉਮਰ ਦੇ ਲੋਕਾਂ ‘ਚ ਜ਼ਿਆਦਾ ਤੇਜ਼ੀ ਨਾਲ ਵਧ ਰਹੇ ਹਨ। ਇਨ੍ਹਾਂ ‘ਚ ਵੀ ਘੱਟ ਉਮਰ ਦੇ ਲੋਕਾਂ ‘ਚ ਇਸ ਦੇ ਮਾਮਲੇ ਵਧਣ ਦੀ ਗਤੀ ਜ਼ਿਆਦਾ ਹੈ। ਉਦਾਹਰਣ ਦੇ ਤੌਰ ‘ਤੇ 1950 ‘ਚ ਜਨਮੇ ਵਿਅਕਤੀ ਦੀ ਤੁਲਨਾ ‘ਚ 1985 ‘ਚ ਜਨਮੇ ਵਿਅਕਤੀ ਨੂੰ ਮਲਟੀਪਲ ਮਾਇਲੋਮਾ (ਕੈਂਸਰ ਦਾ ਇਕ ਪ੍ਕਾਰ) ਹੋਣ ਦਾ ਖ਼ਤਰਾ 59 ਫ਼ੀਸਦੀ ਜ਼ਿਆਦਾ ਹੈ। ਉੱਥੇ ਅਜਿਹੇ ਲੋਕਾਂ ‘ਚ ਪੈਂਕ੍ਰਿਆਟਿਕ ਕੈਂਸਰ ਹੋਣ ਦੀ ਸ਼ੰਕਾ ਦੁੱਗਣੀ ਹੋ ਜਾਂਦੀ ਹੈ।
ਅਮਰੀਕਨ ਕੈਂਸਰ ਸੁਸਾਇਟੀ ਦੇ ਵਿਗਿਆਨੀ ਅਹਿਮਦੀਨ ਜਮਾਲ ਨੇ ਕਿਹਾ ਕਿ ਮੋਟਾਪੇ ਨਾਲ ਨਜਿੱਠਣ ‘ਚ ਸਹੀ ਖਾਣ ਪੀਣ ਤੇ ਕਸਰਤ ਦੀ ਅਹਿਮ ਭੂਮਿਕਾ ਹੁੰਦੀ ਹੈ। ਨਾਲ ਹੀ ਇਸ ‘ਚ ਸਿਹਤ ਸੇਵਾ ਨਾਲ ਜੁੜੇ ਲੋਕਾਂ ਨੂੰ ਵੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਮੁਸ਼ਕਿਲ ਨਾਲ ਤਿਹਾਈ ਨੌਜਵਾਨਾਂ ਨੂੰ ਹੀ ਮੋਟਾਪੇ ਦੇ ਖ਼ਤਰੇ ਤੇ ਇਸ ਤੋਂ ਬਚਣ ਦੇ ਉਪਾਵਾਂ ਬਾਰੇ ਕੋਈ ਦੱਸਦਾ ਹੈ। ਡਾਕਟਰਾਂ ਨੂੰ ਇਸ ਗੱਲ ‘ਤੇ ਨਜ਼ਰ ਰੱਖਦਿਆਂ ਉਸ ਮਰੀਜ਼ ਨੂੰ ਸਮਝਣਾ ਚਾਹੀਦਾ ਹੈ, ਜਿਸ ‘ਚ ਮੋਟਾਪੇ ਦੇ ਲੱਛਣ ਨਜ਼ਰ ਆਉਂਦੇ ਹੋਣ।