ਫੇਸਬੁੱਕ ਨੇ ਖਾਤਾ ਬੈਨ ਕਰਕੇ ਮੌਤ ਦਾ ਸਿੱਧਾ ਪ੍ਰਸਾਰਣ ਰੋਕਿਆ

0
998

ਲੇ ਪੇਕ: ਫੇਸਬੁੱਕ ਨੇ ਲੰਮੇ ਸਮੇਂ ਤੋਂ ਬੀਮਾਰ ਤੇ ਆਪਣੀ ਮੌਤ ਦਾ ਸਿੱਧਾ ਪ੍ਰਸਾਰਣ ਕਰਨ ਦਾ ਇਰਾਦਾ ਰੱਖਦੇ ਇਕ ਵਿਅਕਤੀ ਦੇ ਖਾਤੇ ’ਚੋਂ ਵੀਡੀਓ ਪੋਸਟ ਕਰਨ ’ਤੇ ਰੋਕ ਲਾ ਦਿੱਤੀ ਹੈ। ਐਲਨ ਕੌਕ ਨਾਂ ਦੇ ਇਸ ਵਿਅਕਤੀ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿੱਚ ਊਸ ਨੇ ਆਖਿਆ ਸੀ ਕਿ ਉਹ ਆਪਣੀ ਜ਼ਿੰਦਗੀ ਦਾ ਆਖਰੀ ਭੋਜਨ ਲੈ ਚੁੱਕਾ ਹੈ, ਜੋ ਕਿ ਤਰਲ ਪਦਾਰਥ ਸੀ। ਉਸ ਨੇ ਪੋਸਟ ’ਚ ਅੱਗੇ ਕਿਹਾ, ‘ਮੈਨੂੰ ਪਤਾ ਹੈ ਕਿ ਆਉਣ ਵਾਲੇ ਦਿਨ ਬਹੁਤ ਮੁਸ਼ਕਲ ਰਹਿਣ ਵਾਲੇ ਹਨ, ਪਰ ਮੈਂ ਫੈਸਲਾ ਕਰ ਚੁੱਕਾ ਹਾਂ।’ ਕੌਕ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੂੰ ਇਕ ਪੱਤਰ ਲਿਖ ਕੇ ਡਾਕਟਰੀ ਮੌਤ ਦੇਣ ਦੀ ਅਪੀਲ ਕੀਤੀ ਸੀ। ਉਸ ਨੇ ਐਲਾਨ ਕੀਤਾ ਸੀ ਕਿ ਉਹ ਖਾਣ ਪੀਣ ਛੱਡ ਰਿਹਾ ਹੈ। ਹਾਲਾਂਕਿ ਫਰਾਂਸੀਸੀ ਸਦਰ ਨੇ ਪੱਤਰ ਦੇ ਜਵਾਬ ’ਚ ਕਿਹਾ ਸੀ ਕਿ ਮੁਲਕ ਦਾ ਕਾਨੂੰਨ ਅਜਿਹੀ ਕੋਈ ਇਜਾਜ਼ਤ ਨਹੀਂ ਦਿੰਦਾ। ਇਸ ਮਗਰੋਂ ਕੌਕ ਨੇ ਫੇਸਬੁੱਕ ’ਤੇ ਉਪਰੋਕਤ ਪੋਸਟ ਪਾਉਂਦਿਆਂ ਆਪਣੀ ਜ਼ਿੰਦਗੀ ਦੇ ਅੰਤ ਦਾ ਸਿੱਧਾ ਪ੍ਰਸਾਰਣ ਕਰਨ ਦੀ ਵਿਉਂਤ ਘੜੀ ਸੀ। ਪਰ ਕੌਕ ਦੇ ਫੇਸਬੁੱਕ ਖਾਤੇ ’ਤੇ ਸੁਨੇਹਾ ਆਇਆ ਕਿ ਊਸ ਦੇ ਖਾਤੇ ’ਚੋਂ ਵੀਡੀਓ ਪੋਸਟ ਕਰਨ ’ਤੇ ਮੰਗਲਵਾਰ ਤਕ ਰੋਕ ਲਗਾ ਦਿੱਤੀ ਗਈ ਹੈ।