ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਤੋਂ ਲੰਡਨ ਤੇ ਟੋਰਾਂਟੋ ਲਈ ਨਵੀਆਂ ਉਡਾਣਾਂ 31 ਤੋਂ

0
891

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਏਅਰ ਇੰਡੀਆ ਵਲੋਂ ਅੰਮ੍ਰਿਤਸਰ ਤੋਂ ਸਟੈਂਸਟਡ (ਇੰਗਲੈਂਡ) ਲਈ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੰਗਲੈਂਡ ਦੇ ਬਰਮਿੰਘਮ ਅਤੇ ਭਾਰਤ ‘ਚ ਨਾਦੇੜ ਅਤੇ ਪਟਨਾ ਸਾਹਿਬ ਲਈ ਵੀ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਗਈ ਹੈ। ਏਅਰ ਇੰਡੀਆ ਦੇ ਜਨਰਲ ਮੈਨੇਜਰ ਰਾਮ ਬਾਬੂ ਨੇ ਦੱਸਿਆ ਕਿ ੫੫੦ਵਾਂ ਪ੍ਰਕਾਸ਼ ਪੁਰਬ ਮੌਕੇ ਏਅਰ ਇੰਡੀਆ ਨੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਸਿੱਖ ਭਾਈਚਾਰੇ ਤੇ ਸ਼ਰਧਾਲੂਆਂ ਲਈ ਨਵੀਆਂ ਉਡਾਣਾਂ ਜਾਰੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ੩੧ ਅਕਤੂਬਰ ਤੋਂ ਅੰਮ੍ਰਿਤਸਰ ਤੋਂ ਸਟੈਂਸਟਡ ਲਈ ਹਫ਼ਤੇ ਦੀਆਂ ਤਿੰਨ ਉਡਾਣਾਂ ਸ਼ੁਰੂ ਹੋਣਗੀਆਂ ਜੋ ਸੋਮਵਾਰ, ਵੀਰਵਾਰ ਅਤੇ ਸਨਿਚਰਵਾਰ ਰਵਾਨਾ ਹੋਇਆ ਕਰਨਗੀਆਂ ਅਤੇ ਤਿੰਨੇ ਦਿਨ ਹੀ ਸਟੈਂਸਟਡ ਤੋਂ ਅੰਮ੍ਰਿਤਸਰ ਵੀ ਪਹੁੰਚਣਗੀਆਂ। ਉਨ੍ਹਾਂ ਦੱਸਿਆ ਕਿ ਇਹ ਉਡਾਣਾਂ ਬੋਇੰਗ ੭੮੭ ਡਰੀਮ ਲਾਈਨਰ ਜਹਾਜ਼ ਰਾਹੀਂ ਚਲਾਈਆਂ ਜਾਣਗੀਆਂ। ਜਿਸ ਦੀਆਂ ੨੫੬ ਸੀਟਾਂ ਹੋਣਗੀਆਂ ਜਿਨ੍ਹਾਂ ‘ਚੋਂ ੧੮ ਸੀਟਾਂ ਬਿਜ਼ਨਸ ਕਲਾਸ ਅਤੇ ੨੩੮ ਇਕਾਨਮੀ ਕਲਾਸ ਲਈ ਹੋਣਗੀਆਂ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਵੀ ਹਫ਼ਤੇ ‘ਚ ਤਿੰਨ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ ਜੋ ਅੰਮ੍ਰਿਤਸਰ ਤੋਂ ਦਿੱਲੀ ਹੁੰਦੇ ਹੋਏ ਬਰਮਿੰਘਮ ਪਹੁੰਚਣਗੀਆਂ।
ਅੰਮ੍ਰਿਤਸਰ ਤੋਂ ਟੋਰਾਂਟੋ (ਕੈਨੇਡਾ) ਲਈ ਵੀ ਏਅਰ ਇੰਡੀਆ ਦੀਆਂ ਹਫ਼ਤੇ ‘ਚ ਅੰਮ੍ਰਿਤਸਰ ਤੋਂ ਤਿੰਨ ਉਡਾਣਾਂ ਚੱਲ ਰਹੀਆਂ ਹਨ ਜੋ ਹੁਣ ੨੭ ਅਕਤੂਬਰ ਤੋਂ ਐਤਵਾਰ, ਬੁੱਧਵਾਰ ਤੇ ਸ਼ੁੱਕਰਵਾਰ ਰਵਾਨਾ ਹੋਇਆ ਕਰਨਗੀਆਂ ਤੇ ਇਨ੍ਹਾਂ ਦਿਨਾਂ ‘ਚ ਹੀ ਵਾਪਸੀ ਵੀ ਕਰਨਗੀਆਂ।
ਪੰਜਾਬੀ ਖਾਣਾ ਮਿਲੇਗਾ
ਏਅਰ ਇੰਡੀਆ ਦੀ ਉਡਾਣ ‘ਚ ਯਾਤਰੀ ਹੁਣ ਪੰਜਾਬੀ ਸਵਾਦ ਵੀ ਚੱਖਣਗੇ। ਮੁੰਬਈ-ਅੰਮ੍ਰਿਤਸਰ ਉਡਾਣ ਲਈ ਹੁਣ ਪੰਜਾਬੀ ਵਿਸ਼ੇਸ਼ ਫੂਡ ਮੇਨਯੂ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਮੁਸਾਫ਼ਰ ਭਿੰਡੀ, ਛੋਲੇ ਤੇ ਕੁਲਚੇ, ਪਨੀਰ ਟਿੱਕਾ, ਜਿਹੀਆਂ ਸਵਾਦ ਤੇ ਚਟਪਟੀਆਂ ਚੀਜ਼ਾਂ ਨੂੰ ਆਪਣੇ ਮੈਨਯੂ ‘ਚ ਰੱਖਆ ਗਿਆ ਹੈ ਅਤੇ ਡਾਇਟ ਨੂੰ ਮਹੱਤਵ ਦੇਣ ਵਾਲੇ ਲੋਕਾਂ ਲਈ ਫਰੂਟ ਚਾਰਟ ਜਿਹੀਆਂ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਹਨ।