ਕੈਨੇਡਾ ‘ਚ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ

0
879

ਵੈਨਕੂਵਰ: ਕੈਨੇਡਾ (੪੩ਵੀਂ) ਫੈਡਰਲ ਚੋਣਾਂ ‘ਚ ਕੁਝ ਦਿਨ ਹੀ ਬਾਕੀ ਰਹਿੰਦੇ ਹਨ। ਇਸ ਦੌਰਾਨ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ ਤਿਆਰੀਆਂ ਕਰ ਲਈਆਂ ਹਨ ਅਤੇ ਚੋਣਾਂ ਵਾਸਤੇ ਲੋੜੀਂਦੀ ਸਮਗਰੀ ਛਪਾ ਕੇ ਸਾਰੇ ੩੩੮ ਹਲਕਿਆਂ ‘ਚ ਭੇਜੀ ਜਾ ਰਹੀ
ਹੈ। ਮੁੱਖ ਰਾਜਨੀਤਕ ਪਾਰਟੀਆਂ ਦੇ ਆਗੂ ਹਰੇਕ ਹਲਕੇ ‘ਚ ਆਪਣੇ ਉਮੀਦਵਾਰ ਉਤਾਰਨ ਅਤੇ ਚੋਣ ਪ੍ਰਚਾਰ ਅਤੇ ਅਕਤੂਬਰ ਵਿਚ ਸ਼ੁਰੂ ਹੋਣ ਵਾਲੀ ਸਿਲਸਿਲੇਵਾਰ ਬਹਿਸ ਦੀਆਂ ਤਿਆਰੀਆਂ ਵਿਚ ਜੁਟੇ ਹਨ।
ਸਤੰਬਰ ਦੇ ਦੂਸਰੇ ਹਫ਼ਤੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਗਵਰਨਰ ਜਨਰਲ ਜੂਲੀ ਪੇਅਟ ਨੂੰ ਮਿਲ ਕੇ ਸੰਸਦ ਭੰਗ ਕਰਨ ਤੋਂ ਬਾਅਦ ਪਾਰਲੀਮਾਨੀ ਚੋਣਾਂ ਦਾ ਐਲਾਨ ਕੀਤਾ ਜਾਵੇਗਾ। ਹਾਲ ਦੀ ਘੜੀ ਉਮੀਦਵਾਰ ਐਲਾਨਣ ਵਿਚ ਕੰਜ਼ਰਵੇਟਿਵ ਪਾਰਟੀ ਮੋਹਰੀ ਹੈ ਜਿਸ ਨੇ ੩੩੨ ਹਲਕਿਆਂ ਵਿਚ ਉਮੀਦਵਾਰ ਉਤਾਰ ਦਿੱਤੇ ਹਨ। ਸੱਤਾਧਾਰੀ ਲਿਬਰਲ ਪਾਰਟੀ ਦੇ ਟਰੂਡੋ ਸਮੇਤ ੨੭੩ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਕੈਨੇਡਾ ‘ਚ ਤੀਸਰੇ ਨੰਬਰ ਦੀ ਵੱਡੀ ਪਾਰਟੀ, ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਹੈ ਪਰ ਉਮੀਦਵਾਰਾਂ ਦੀ ਗਿਣਤੀ ਵਿਚ ਐਨ.ਡੀ.ਪੀ. ਅਜੇ ਗਰੀਨ ਪਾਰਟੀ ਅਤੇ ਸਤੰਬਰ ੨੦੧੮ ‘ਚ ਨਵੀਂ ਹੋਂਦ ਵਿਚ ਆਈ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਤੋਂ ਪਛੜੀ ਹੋਈ ਹੈ। ਪੀ.ਪੀ.ਸੀ. ੩੧੪ ਅਤੇ ਗਰੀਨ ਪਾਰਟੀ ਦੇ ਆਗੂ ੨੭੪ ਉਮੀਦਵਾਰ ਪੇਸ਼ ਕਰ ਚੁੱਕੇ ਹਨ ਜਦ ਕਿ ਐਨ.ਡੀ.ਪੀ. ਕੋਲ ਅਜੇ ੧੪੮ ਉਮੀਦਵਾਰ ਹਨ।
ਸਰਵੇਖਣਾਂ ‘ਚ ਪਛੜੇ ਹੋਣ ਕਾਰਨ ਇਸ ਵਾਰ ਐਨ.ਡੀ.ਪੀ. ਨੂੰ ਦੇਸ਼ ਦੇ ਪੇਂਡੂ ਖੇਤਰਾਂ (ਜਿੱਥੇ ਆਮ ਤੌਰ ‘ਤੇ ਕੰਜ਼ਰਵੇਟਿਵ ਪਾਰਟੀ ਦਾ ਜ਼ੋਰ ਹੁੰਦਾ ਹੈ) ‘ਚ ਉਮੀਦਵਾਰ ਮੁਸ਼ਕਿਲ ਨਾਲ ਮਿਲ ਰਹੇ
ਹਨ। ਦੂਸਰੇ ਪਾਸੇ ਪ੍ਰਵਾਸੀ ਭਾਈਚਾਰਿਆਂ ਦੀ ਸੰਘਣੀ ਵਸੋਂ ਵਾਲੇ ਇਲਾਕਿਆਂ (ਵਿਸ਼ੇਸ਼ ਤੌਰ ‘ਤੇ ਸ਼ਹਿਰਾਂ) ‘ਚ ਉਮੀਦਵਾਰ ਉਤਾਰਨੇ ਹਰੇਕ ਪਾਰਟੀ ਲਈ ਵੱਧ ਆਸਾਨ ਹੋ ਰਿਹਾ ਹੈ। ਐਨ.ਡੀ.ਪੀ. ਨੂੰ ਸਭ ਤੋਂ ਵੱਧ ਹੁੰਗਾਰਾ ਬ੍ਰਿਟਿਸ਼ ਕੋਲੰਬੀਆ ਤੋਂ ਮਿਲਦਾ ਜਾਪਦਾ ਹੈ ਜਿੱਥੋਂ ਕੁੱਲ ੪੨ ਸੀਟਾਂ ‘ਚੋਂ ੩੦ ਉਮੀਦਵਾਰ ਐਲਾਨੇ ਜਾ ਚੁੱਕੇ ਹਨ।
ਅਲਬਰਟਾ ਵਿਚ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਦੇ ਆਸਾਰ ਦੱਸੇ ਜਾ ਰਹੇ ਹਨ ਜਿੱਥੇ ਐਨ.ਡੀ.ਪੀ ਨੂੰ ਅਜੇ ੫ ਉਮੀਦਵਾਰ ਮਿਲੇ ਹਨ। ਇਸ ਦੇ ਉਲਟ ਨਵੀਂ ਪੀ.ਪੀ.ਸੀ. ਸਾਰੀਆਂ ੩੪ ਸੀਟਾਂ ‘ਤੇ ਉਮੀਦਵਾਰ ਦੇ ਚੁੱਕੀ ਹੈ। ਗਰੀਨ ਪਾਰਟੀ ਕੋਲ ੨੦ ਅਤੇ ਲਿਬਰਲ ਕੋਲ ਅਲਬਰਟਾ ‘ਚ ੧੩ ਉਮੀਦਵਾਰ ਹਨ। ਉਂਟਾਰੀਓ ‘ਚ ੧੨੧ ਸੀਟਾਂ ਤੋਂ ਕੰਜ਼ਰਵੇਟਿਵ ਮੋਹਰੀ ਹਨ ਅਤੇ ਉਨ੍ਹਾਂ ਵਲੋਂ ਸਾਰੀਆਂ ਸੀਟਾਂ ਦੇ ਉਮੀਦਵਾਰ ਪੇਸ਼ ਕੀਤੇ ਜਾ ਚੁੱਕੇ ਹਨ। ਲਿਬਰਲ ਪਾਰਟੀ ਨੇ ਹੁਣ ਤੱਕ ੧੦੮ ਅਤੇ ਐਨ.ਡੀ.ਪੀ. ਨੇ ੭੧ ਉਮੀਦਵਾਰ ਸਾਹਮਣੇ ਲਿਆਂਦੇ
ਹਨ। ਪੀ.ਪੀ.ਸੀ ਕੋਲ ਹੁਣ ਤੱਕ ੧੧੬ ਹਲਕਿਆਂ ਵਿਚ ਉਮੀਦਵਾਰ ਹਨ।
ਸਰਵੇਖਣਾਂ ‘ਚ ਸਾਲ ਕੁ ਪਹਿਲਾਂ ਨਵੀਂ ਬਣੀ ਪੀ.ਪੀ.ਸੀ. ਦੀ ਹਰਮਨ ਪਿਆਰਤਾ ਮਾਮੂਲੀ (੨ ਕੁ ਫ਼ੀਸਦੀ ਤੱਕ) ਦੱਸੀ ਜਾ ਰਹੀ ਹੈ ਜਦ ਕਿ ਉਸ ਪਾਰਟੀ ਕੋਲ ਉਮੀਦਵਾਰਾਂ ਦੀ ਕਮੀ ਨਹੀਂ ਹੈ। ਕਿਊਬਕ ਵਿਚ ਕੁੱਲ ੭੮ ਸੀਟਾਂ ਹਨ ਜਿੱਥੇ ਬਾਕੀ ਸਾਰੀਆਂ ਪਾਰਟੀਆਂ ਉਮੀਦਵਾਰ ਪੂਰੇ ਕਰਨ ਦੇ ਨੇੜੇ ਹਨ ਪਰ ਐਨ.ਡੀ.ਪੀ. ਪਛੜੀ ਹੋਈ ਹੈ ਅਤੇ ਉਸ ਵੱਲੋਂ ਮਸਾਂ ੨੨ ਉਮੀਦਵਾਰ ਐਲਾਨੇ ਜਾ ਸਕੇ ਹਨ।