ਮੁੜ ਬਰਨਬੀ ਫਤਿਹ ਕਰਨ ਚੋਣ ਅਖਾੜ੍ਹੇ ‘ਚ ਨਿਤਰੇ ਜਗਮੀਤ ਸਿੰਘ

0
1255

ਬਰਨਬੀ: ਐਨ.ਡੀ.ਪੀ. ਆਗੂ ਜਗਮੀਤ ਸਿੰਘ ਬਰਨਬੀ ਸਾਊਥ ਤੋਂ ਉਮੀਦਵਾਰ ਵਜੋਂ ਮੁੜ ਤੋਂ ਮੈਦਾਨ ਵਿਚ ਨਿੱਤਰ ਚੁੱਕੇ ਹਨ। ੬ ਮਹੀਨੇ ਪਹਿਲਾਂ ਉਨ੍ਹਾਂ ਨੇ ਬਰਨਬੀ ਤੋਂ ਕਰਵਾਈ ਗਈ ਜ਼ਿਮਨੀ ਚੋਣ ਵਿਚ ਜਿੱਤ ਹਾਸਲ ਕੀਤੀ ਸੀ। ਸਿੰਘ ਦੀ ਉਮੀਦਵਾਰੀ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਦੇ ਵੱਡੀ ਗਿਣਤੀ ਵਿਚ ਹਮਾਇਤੀਆਂ ਨੇ ਇਸ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਕੌਮੀ ਪ੍ਰਧਾਨ ਜਗਮੀਤ ਸਿੰਘ ਨੇ ਫਰਵਰੀ ਦੀ ਜ਼ਿਮਨੀ ਚੋਣ ਦੇ ਬਹਾਨੇ ਮੁਲਕ ਦੇ ਅਗਲੇ ਪ੍ਰਧਾਨ ਮੰਤਰੀ ਲਈ ਦਾਅਵਾ ਪੇਸ਼ ਕਰ ਦਿੱਤਾ ਸੀ।
ਬਰਨਬੀ ਸਾਊਥ ਹਲਕੇ ਉੱਤੇ ੨੫ ਫਰਵਰੀ ਨੂੰ ਜ਼ਿਮਨੀ ਚੋਣ ਕਰਵਾਈ ਗਈ ਸੀ, ਜਿਸ ਵਿਚ ਜਗਮੀਤ ਨੇ ਜਿੱਤ ਹਾਸਲ ਕੀਤੀ ਸੀ।
ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਅਗਲੀ ਸਰਕਾਰ ਐਨਡੀਪੀ ਦੀ ਬਣਦੀ ਹੈ ਤਾਂ ਪੰਜ ਲੱਖ ਸਸਤੇ ਘਰ ਮੁਹੱਈਆ ਕਰਵਾਏ ਜਾਣਗੇ। ਦੁਨੀਆਂ ਭਰ ਵਿਚ ਸਟਾਇਲਿਸ਼ ਸਿੱਖ ਵਜੋਂ ਜਾਣੇ ਜਾਂਦੇ ਜਗਮੀਤ ਸਿੰਘ ਲਈ ਇਹ ਸਫ਼ਰ ਕੋਈ ਸੌਖਾ ਨਹੀਂ ਸੀ।
ਉਨ੍ਹਾਂ ਕਿਹਾ, ਘਰ ਤੋਂ ਸਿਹਤ ਸਹੂਲਤਾਂ ਤੱਕ ਮਸਲਿਆਂ ‘ਤੇ ਬਰਨਬੀ ਅਤੇ ਸਾਰੇ ਕੈਨੇਡਾ ਨੂੰ ਹੱਲ ਦੀ ਲੋੜ ਹੈ।
ਅੱਜ ਸਿਰਫ਼ ਐੱਨਡੀਪੀ ਹੀ ਅਜਿਹੀ ਪਾਰਟੀ ਹੈ ਜੋ ਸਭ ਕੁਝ ਕਰ ਸਕਦੀ ਹੈ। ੩੯ ਸਾਲਾ ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ ਹੈ। ਖੱਬੇ-ਪੱਖੀ ਪਾਰਟੀ ਦੇ ਤਿੰਨ ਉਮੀਦਵਾਰਾਂ ਨੂੰ ਹਰਾ ਕੇ ਅਕਤੂਬਰ ੨੦੧੭ ਵਿਚ ਜਗਮੀਤ ਸਿੰਘ ਪਾਰਟੀ ਦੇ ਪ੍ਰਧਾਨ ਚੁਣੇ ਗਏ ਸਨ।