ਬ੍ਰਿਟਿਸ਼ ਕੋਲੰਬੀਆ ਵਿਚ ਆਈ ਸੀ ਬੀ ਸੀ ‘ਤੇ ਕੋਵਿਡ-19 ਦੇ ਪ੍ਰਭਾਵਾਂ ਬਾਰੇ ਰਿਪੋਰਟ ਜਾਰੀ

0
804

ਵੈਨਕੂਵਰ: ਸੂਬਾਈ ਆਪਾਤ ਸਥਿਤੀ ਦੇ ਆਰੰਭ ਹੋਣ ਤੋਂ ਲੈ ਕੇ, ਆਈ ਸੀ ਬੀ ਸੀ ਦੀ ਮਾਲੀ ਸਥਿਤੀ ਦਾ ਮੁਲਾਂਕਣ ਆਈ ਸੀ ਬੀ ਸੀ ਦੇ ਮੁਨਾਫ਼ੇ ‘ਤੇ ਦੋਵੇਂ ਸਕਾਰਾਤਮਕ ਅਤੇ ਨਕਾਰਾਤਮਕ ਮਾਲੀ ਪ੍ਰਭਾਵ ਦਰਸਾਉਂਦਾ ਹੈ।
ਬਾਜ਼ਾਰਾਂ ਦੇ ਉਤਾਰ ਚੜ੍ਹਾਅ ਅਤੇ ਅਸਥਿਰਤਾ ਦਾ ਸਾਹਮਣਾ ਕਰਨ ਲਈ ਲਗਭਗ ਨਾਂਹ ਦੇ ਬਰਾਬਰ ਰਾਖਵੀਂ ਪੂੰਜੀ ਹੋਣ ਕਰਕੇ ਇਹ ਪਤਾ ਲਾ ਸਕਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਕਿ ਕੀ ਵਿਸ਼ਵ-ਵਿਆਪੀ ਮਹਾਮਾਰੀ ਦੇ ਨਤੀਜੇ ਵੱਜੋਂ ਕੁਝ ਲਾਭ ਹੋ ਸਕਣਗੇ ਜੋ ਅਗਾਂਹ ਡਰਾਈਵਰਾਂ ਤੱਕ ਪੁਚਾਏ ਜਾ ਸਕਣ।
“ਵਿਸ਼ਵ-ਵਿਆਪੀ ਮਹਾਮਾਰੀ ਦੇ ਕਾਰਨ ਬਾਜ਼ਾਰਾਂ ਵਿੱਚ ਅਨਿਸ਼ਚਿਤ ਅਤੇ ਬੇਮਿਸਾਲ ਉਥਲ ਪੁਥਲ ਦਰਪੇਸ਼ ਹੋਣ ਕਰਕੇ ਅਤੇ ਉਸ ਦੇ ਨਾਲ ਪੁਰਾਣੀ ਸਰਕਾਰ ਦੇ ਮਾੜੇ ਪ੍ਰਬੰਧਨ ਦੇ ਨਤੀਜੇ ਵੱਜੋਂ ਕੋਈ ਮਾਲੀ ਸਹਾਰਾ ਨਾ ਹੋਣ ਕਰਕੇ ਆਈ ਸੀ ਬੀ ਸੀ ਇੱਕ ਚੁਣੌਤੀਪੂਰਣ ਸਥਿਤੀ ਵਿੱਚ ਹੈ,” ਅਟਾਰਨੀ ਜਨਰਲ ਡੇਵਿਡ ਇਬੀ ਨੇ ਕਿਹਾ, “ਮਾਲੀ ਸਾਲ ਦੇ ਹਾਲੇ ਦਸ ਨਾਲੋਂ ਵੱਧ ਮਹੀਨੇ ਰਹਿੰਦੇ ਹਨ ਅਤੇ ਬਹੁਤ ਸਾਰੀਆਂ ਚੀਜ਼ਾਂ ਬਾਰੇ ਪਤਾ ਨਹੀਂ ਹੈ, ਪਰ ਜੇ ਆਈ ਸੀ ਬੀ ਸੀ ਦਾ ਮੁਨਾਫ਼ਾ ਉਮੀਦ ਨਾਲੋਂ ਵੱਧ ਰਹਿੰਦਾ ਹੈ, ਤਾਂ ਕੋਈ ਵੀ ਵਾਧੂ ਬਚੀ ਰਕਮ ਬੀ ਸੀ ਦੇ ਡਰਾਈਵਰਾਂ ਦੇ ਫ਼ਾਇਦੇ ਲਈ ਵਰਤੀ ਜਾਵੇਗੀ। ਉਦੋਂ ਤੱਕ, ਅਸੀਂ ਇਸ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਕਿ ਅਦਾਇਗੀਆਂ ਮੁਲਤਵੀ ਕਰ ਸਕਣ ਰਾਹੀਂ ਲੋਕਾਂ ਦੀ ਮਦਦ ਹੋ ਸਕੇ ਅਤੇ ਲੋਕਾਂ ਲਈ ਅਪਣੀ ਇੰਸ਼ੋਰੈਂਸ ਰੱਦ ਜਾਂ ਤਬਦੀਲ ਕਰਨਾ ਹੋਰ ਸੌਖਾ ਬਣ ਸਕੇ, ਅਤੇ ਅਗਲੇ ਸਾਲ ਐਨਹਾਂਸਡ ਕੇਅਰ ਕਵਰੇਜ ਲਿਆਂਦੀ ਜਾਵੇ ਤਾਂ ਕਿ ਲੋਕ ਆਪਣੀ ਇੰਸ਼ੋਰੈਂਸ ‘ਤੇ ਔਸਤਨ ੪੦੦ ਡਾਲਰ ਬਚਾ ਸਕਣ।”
ਜੇ ਆਈ ਸੀ ਬੀ ਸੀ ਦੀ ਅਸਲ ਆਮਦਨੀ ਦੇ ਨਤੀਜੇ ੨੦੨੦/੨੧ ਲਈ ਭਵਿੱਖਬਾਣੀ ਨਾਲੋਂ ਬਿਹਤਰ ਰਹਿੰਦੇ ਹਨ, ਤਾਂ ਕਿਸੇ ਵੀ ਵਾਧੂ ਆਮਦਨੀ ਤੋਂ ਗਾਹਕਾਂ ਨੂੰ ਫ਼ਾਇਦਾ ਹੋਵੇਗਾ। ਵਿਸ਼ਵ-ਵਿਆਪੀ ਮਹਾਮਾਰੀ ਦੇ ਨਤੀਜੇ ਵੱਜੋਂ ਕਲੇਮ ਘੱਟ ਹੋਣ ਕਾਰਨ ਸਾਲ ਦੌਰਾਨ, ਆਈ ਸੀ ਬੀ ਸੀ ਦੀ ਵਾਧੂ ਅਸਲ ਆਮਦਨੀ ਦੀ ਵਰਤੋਂ ਕੀਤੇ ਜਾਣ ਬਾਰੇ ਕੋਈ ਵੀ ਫ਼ੈਸਲੇ ਮਾਲੀ ਸਾਲ ਦੇ ਅੰਤ ਵਿੱਚ ਕੀਤੇ ਜਾਣਗੇ। ਦਰਾਂ ‘ਤੇ ਵਧੇਰੇ ਲੰਮੇ ਸਮੇਂ ਦੇ ਦਬਾਅ ਨੂੰ ਘਟਾਉਣ ਲਈ ਆਈ ਸੀ ਬੀ ਸੀ ਦੀ ਮਾਲੀ ਪੂੰਜੀ ਦੀ ਸਿਹਤ ਦਾ ਪੁਨਰ-ਨਿਰਮਾਣ ਕਰਨਾ, ਗਾਹਕਾਂ ਨੂੰ ਇੱਕੋ ਵਾਰੀ ਸਿੱਧੀ ਰਾਹਤ ਪ੍ਰਦਾਨ ਕਰਨਾ, ਜਾਂ ਇਨ੍ਹਾਂ ਦੋਹਾਂ ਦਾ ਕੋਈ ਸੁਮੇਲ, ਵਿਕਲਪਾਂ ਵਿੱਚ ਸ਼ਾਮਲ ਹੋ ਸਕਦੇ ਹਨ।
ਕੋਵਿਡ-੧੯ ਦੇ ਪ੍ਰਭਾਵਾਂ ਬਾਰੇ ਆਈ ਸੀ ਬੀ ਸੀ ਦੀ ਰਿਪੋਰਟ ਵਿੱਚ ਸੂਬਾਈ ਆਪਾਤ ਸਥਿਤੀ ਦਾ ਐਲਾਨ ਹੋਣ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੇ ਜਾਣ ਤੋਂ ਲਗਭਗ ਛੇ ਹਫ਼ਤੇ ਬਾਦ ਦੇ ਸਮੇਂ ਦੀ ਪੜਚੋਲ ਕੀਤੀ ਗਈ ਹੈ (੧੫ ਮਾਰਚ ਤੋਂ ੨ ਮਈ)। ਇਸ ਵਿੱਚ ਪਤਾ ਲੱਗਿਆ ਕਿ ਉਸ ਸਮੇਂ ਦੌਰਾਨ:
– ਆਈ ਸੀ ਬੀ ਸੀ ਨੇ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ੪੬% ਘੱਟ ਦੁਰਘਟਨਾ ਕਲੇਮ ਖੋਲ੍ਹੇ (ਜਿਸ ਵਿੱਚ ਵਾਹਨਾਂ ਨੂੰ ਨੁਕਸਾਨ ਹੋਣ ਅਤੇ ਸੱਟਾਂ ਲੱਗਣ ਦੋਹਾਂ ਲਈ ਕਲੇਮ ਸ਼ਾਮਲ ਹਨ), ਜਿਸ ਨਾਲ ਹਫ਼ਤਾਵਾਰ ਔਸਤਨ ੭,੨੦੦ ਕਲੇਮਾਂ ਦੀ ਕਮੀ ਆਈ। ਕਲੇਮਾਂ ਦੀ ਗਿਣਤੀ ਵਿੱਚ ਆਈ ਇਸ ਕਮੀ ਨਾਲ ਆਈ ਸੀ ਬੀ ਸੀ ਨੂੰ ਹੋਈ ਬੱਚਤ ਦੀ ਰਕਮ ਤਕਰੀਬਨ ੧੫੮ ਮਿਲੀਅਨ ਡਾਲਰ ਦੇ ਬਰਾਬਰ ਬਣਦੀ ਹੈ। ਪ੍ਰੰਤੂ, ਜਿਵੇਂ ਜਿਵੇਂ ਵਧੇਰੇ ਵਾਹਨ ਬੀ ਸੀ ਦੀਆਂ ਸੜਕਾਂ ‘ਤੇ ਵਾਪਸ ਆ ਰਹੇ ਹਨ, ਕਲੇਮਾਂ ਦੀ ਗਿਣਤੀ ਫਿਰ ਤੋਂ ਵਧਣ ਲੱਗ ਪਈ ਹੈ;
– ੧੫੦,੦੦੦ ਤੋਂ ਵੱਧ ਗਾਹਕਾਂ ਨੇ ਆਪਣੀ ਪਾਲਿਸੀ ਰੱਦ ਕਰ ਕੇ (੧੦੩,੭੦੦) ਜਾਂ ਆਪਣੀ ਰੇਟ ਕਲਾਸ ਘਟਾ ਕੇ (੫੭,੫੬੧) ਆਪਣੀਆਂ ਇੰਸ਼ੋਰੈਂਸ ਪਾਲਿਸੀਆਂ ਵਿੱਚ ਤਬਦੀਲੀ ਕੀਤੀ ਹੈ, ਜਿਸ ਦੇ ਨਤੀਜੇ ਵੱਜੋਂ ਉਸ ਸਮੇਂ ਦੌਰਾਨ ਸਧਾਰਣ ਹਾਲਾਤ ਵਿੱਚ ਜੋ ਵਸੂਲੀ ਹੋਣੀ ਸੀ, ਉਸ ਦੇ ਮੁਕਾਬਲੇ ਲਿਖਤੀ ਇੰਸ਼ੋਰੈਂਸ ਕਿਸ਼ਤਾਂ ਵਿੱਚ ਅੰਦਾਜ਼ਨ ੨੮੩ ਮਿਲੀਅਨ ਡਾਲਰ ਦੀ ਕਮੀ ਆਈ ਹੈ; ਅਤੇ
ਮਾਲੀ ਬਾਜ਼ਾਰਾਂ ਵਿੱਚ ਬੇਮਿਸਾਲ ਮੰਦਵਾੜਾ ਆਉਣ ਨਾਲ ਆਈ ਸੀ ਬੀ ਸੀ ਦੇ ਨਿਵੇਸ਼ ਪੋਰਟਫ਼ੋਲੀਉ ਦੀ ਕੀਮਤ ਵਿੱਚ ਕਮੀ ਦਿਖਾਈ ਦਿੱਤੀ ਹੈ, ਜਿਸ ਨਾਲ ਇਸ ਦੇ ਮੁਨਾਫ਼ੇ ‘ਤੇ ਦਬਾਅ ਪਿਆ ਹੈ।
ਇਸ ਵਿੱਚੋਂ ਕੁਝ ਪਹਿਲਾਂ ਹੀ ਆਈ ਸੀ ਬੀ ਸੀ ਦੇ ੨੦੧੯-੨੦ ਦੇ ਮਾਲੀ ਸਾਲ ਦੇ ਅੰਤ ਵਿੱਚ ਦਿਖਾਈ ਦਿੱਤਾ ਹੈ ਅਤੇ ਮੁਢਲੇ ਸੰਕੇਤ ਸੁਝਾਉਂਦੇ ਹਨ ਕਿ ਇਹ ਪ੍ਰਭਾਵ ੨੦੨੦-੨੧ ਦੇ ਮਾਲੀ ਸਾਲ ਵਿੱਚ ੧ ਬਿਲੀਅਨ ਡਾਲਰ ਤੋਂ ਵਧ ਸਕਦਾ ਹੈ, ਜੋ ਵਿਸ਼ਵ ਬਾਜ਼ਾਰ ਵਿੱਚ ਮੰਦਵਾੜੇ ਦੇ ਅਰਸੇ ਅਤੇ ਸੀਮਾ ‘ਤੇ ਨਿਰਭਰ ਕਰੇਗਾ। ਅੰਤਿਮ ਪ੍ਰਭਾਵ ਦਾ ਨਿਰਧਾਰਨ ੨੦੨੦-੨੧ ਦੇ ਮਾਲੀ ਸਾਲ ਦੇ ਅੰਤ ਵਿੱਚ ਹੋਵੇਗਾ।
“ਇਸ ਮਹਾਮਾਰੀ ਦੌਰਾਨ, ਆਈ ਸੀ ਬੀ ਸੀ ਵੱਲੋਂ ਕੇਵਲ ਕੈਂਸਲ ਕਰਨ ਅਤੇ ਰੀ-ਪਲੇਟਿੰਗ ਦੀਆਂ ਫ਼ੀਸਾਂ ਮਾਫ਼ ਕਰਨ ਨਾਲ ਹੀ ਗਾਹਕਾਂ ਨੂੰ ਤਕਰੀਬਨ ੫ ਮਿਲੀਅਨ ਡਾਲਰ ਦੀ ਬੱਚਤ ਹੋਈ ਹੈ ਅਤੇ ਅਸੀਂ ਉਨ੍ਹਾਂ ਡਰਾਈਵਰਾਂ ਨਾਲ ਸਹਿਯੋਗ ਕਰਦੇ ਰਹਾਂਗੇ ਜੋ ਮਾਲੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ,” ਨਿਕੋਲਸ ਹਿਮੇਨੇਜ਼, ਆਈ ਸੀ ਬੀ ਸੀ ਦੇ ਪ੍ਰਧਾਨ ਅਤੇ ਸੀ ਈ ਉ ਨੇ ਕਿਹਾ, “ਅਸੀਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਅਤੇ ਆਪਣੇ ਗਾਹਕਾਂ, ਕਰਮਚਾਰੀਆਂ ਅਤੇ ਭਾਈਵਾਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਪ੍ਰਤੀ ਵਚਨਬੱਧ ਹਾਂ ਅਤੇ ਇਨ੍ਹਾਂ ਗ਼ੈਰ-ਯਕੀਨੀ ਹਾਲਾਤ ਦੇ ਲਿਹਾਜ਼ ਨਾਲ, ਲੰਮੇ ਸਮੇਂ ਲਈ ਅਜਿਹੇ ਫ਼ੈਸਲੇ ਲੈਣ ਵੇਲੇ ਬਹੁਤ ਸਾਰੇ ਤੱਥਾਂ ‘ਤੇ ਵਿਚਾਰ ਕਰਨਾ ਸਾਡੀ ਜ਼ਿੰਮੇਵਾਰੀ ਹੈ, ਜਿਨ੍ਹਾਂ ਦਾ ਆਈ ਸੀ ਬੀ ਸੀ ਦੇ ਮੁਨਾਫ਼ੇ-ਅਤੇ ਗਾਹਕਾਂ ਦੀਆਂ ਇੰਸ਼ੋਰੈਂਸ ਦੀਆਂ ਕਿਸ਼ਤਾਂ ‘ਤੇ ਭਵਿੱਖ ਵਿੱਚ ਉਲਟਾ ਪ੍ਰਭਾਵ ਪੈ ਸਕਦਾ ਹੈ।”
ਜੇ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਆਈ ਸੀ ਬੀ ਸੀ ਦਾ ਧਿਆਨ ਐਨਹਾਂਸਡ ਕੇਅਰ ਕਵਰੇਜ ਲਾਗੂ ਕਰਨ ਅਤੇ ੨੦੨੧ ਵਿੱਚ ਦਰਾਂ ਵਿੱਚ ਔਸਤਨ ੨੦% ਦੀ ਕਮੀ ਪ੍ਰਦਾਨ ਕਰਨ ਦੇ ਲੰਮੇ ਸਮੇਂ ਦੇ ਟੀਚੇ ‘ਤੇ ਕੇਂਦ੍ਰਿਤ ਰਹੇਗਾ। ਆਈ ਸੀ ਬੀ ਸੀ ਕਿਉਂਕਿ ਇਸ ਨਵੇਂ ਕੇਅਰ-ਅਧਾਰਤ ਮਾਡਲ ਵੱਲ ਤਬਦੀਲ ਹੋ ਰਹੀ ਹੈ ਤਾਂ ਇਸ ਸਾਲ ਬੁਨਿਆਦੀ ਦਰਾਂ (ਬੇਸਿਕ ਰੇਟ) ਵਿੱਚ ਕਿਸੇ ਤਬਦੀਲੀ ਦੀ ਲੋੜ ਨਹੀਂ ਪਈ। ਬੁਨਿਆਦੀ ਦਰਾਂ ਵਿੱਚ ੦% ਦੀ ਤਬਦੀਲੀ ਜੋ ੧ ਅਪ੍ਰੈਲ, ੨੦੨੦ ਨੂੰ ਲਾਗੂ ਹੋਈ, ਲਗਭਗ ਇੱਕ ਦਹਾਕੇ ਵਿੱਚ ਸਭ ਤੋਂ ਘੱਟ
ਹੈ।
ਆਈ ਸੀ ਬੀ ਸੀ ਨੇ ਕੈਂਸਲ ਕਰਨ ਅਤੇ ਰੀ-ਪਲੇਟਿੰਗ ਦੀਆਂ ਫ਼ੀਸਾਂ ਮਾਫ਼ ਕੀਤੀਆਂ ਹਨ, ੯੦ ਦਿਨਾਂ ਲਈ ਅਦਾਇਗੀਆਂ ਮੁਲਤਵੀ ਕਰਨ ਦਾ ਮੌਕਾ ਦਿੱਤਾ ਹੈ ਅਤੇ ਬਿਨਾਂ ਕਿਸੇ ਕੀਮਤ ਤੋਂ ਗਾਹਕਾਂ ਨੂੰ ਆਪਣਾ ਕਵਰੇਜ ਕੈਂਸਲ ਕਰਨ ਜਾਂ ਬਦਲਣ ਵਿੱਚ ਮਦਦ ਦਿੱਤੀ ਹੈ।