90 ਫ਼ੀਸਦ ਅਸਰਦਾਰ ਵੈਕਸੀਨ ਤਿਆਰ ਕਰਨ ਦਾ ਫਾਈਜ਼ਰ ਵੱਲੋਂ ਦਾਅਵਾ

0
918

ਨਿਊ ਯਾਰਕ: ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਵੈਕਸੀਨ ਅੰਕੜਿਆਂ ਤੋਂ ਇਹ ਸੰਕੇਤ ਮਿਲਿਆ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੋਵਿਡ-19 ਦਾ ਟੀਕਾ ਕਰੋਨਾਵਾਇਰਸ ਤੋਂ ਬਚਾਅ ਖ਼ਿਲਾਫ਼ 90 ਫੀਸਦ ਅਸਰਦਾਰ ਹੋ ਸਕਦਾ ਹੈ। ਫਾਈਜ਼ਰ ਨੇ ਇਸ਼ਾਰਾ ਕੀਤਾ ਕਿ ਉਹ ਇਸ ਟੀਕੇ ਦੀ ਹੰਗਾਮੀ ਹਾਲਾਤ ’ਚ ਵਰਤੋਂ ਲਈ ਅਗਲੇ ਦਿਨਾਂ ਵਿੱਚ ਅਮਰੀਕੀ ਡਰੱਗ ਰੈਗੂਲੇਟਰ ਕੋਲ ਪਹੁੰਚ ਕਰ ਸਕਦੀ ਹੈ। ਇਕ ਨਿਰਪੱਖ ਅੰਕੜਾ ਮੋਨੀਟਰਿੰਗ ਬੋਰਡ ਵੱਲੋਂ ਕੀਤੀ ਅੰਤਰਿਮ ਸਮੀਖਿਆ ਮੁਤਾਬਕ ਅਮਰੀਕਾ ਤੇ ਪੰਜ ਹੋਰਨਾਂ ਮੁਲਕਾਂ ਵਿੱਚ ਟਰਾਇਲ ਦੌਰਾਨ 44ਹਜ਼ਾਰ ਦੇ ਕਰੀਬ ਲੋਕਾਂ ਨੂੰ ਇਹ ਟੀਕਾ ਲਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 94 ਵਿੱਚ ਲਾਗ ਨਜ਼ਰ ਆਈ ਹੈ। ਫਾਈਜ਼ਰ ਇੰਕ ਨੇ ਭਾਵੇਂ ਇਨ੍ਹਾਂ ਕੇਸਾਂ ਬਾਰੇ ਬਹੁਤੀ ਤਫ਼ਸੀਲ ਨਹੀਂ ਦਿੱਤੀ ਤੇ ਚੇਤਾਵਨੀ ਦਿੱਤੀ ਹੈ ਕਿ ਸ਼ੁਰੂਆਤੀ ਬਚਾਅ ਦਰ, ਸਰਵੇਖਣ ਖ਼ਤਮ ਹੋਣ ਤਕ ਬਦਲ ਸਕਦੀ ਹੈ। ਫਾਈਜ਼ਰ ਦੇ ਕਲੀਨਿਕਲ ਡਿਵੈਲਪਮੈਂਟ ਬਾਰੇ ਸੀਨੀਅਰ ਉਪ ਪ੍ਰਧਾਨ ਡਾ.ਬਿੱਲ ਗ੍ਰਬਰ ਨੇ ਕਿਹਾ, ‘ਅਸੀਂ ਹੁਣ ਉਸ ਸਥਿਤੀ ਵਿੱਚ ਹਾਂ ਜਿੱਥੇ ਕੁਝ ਆਸ ਜਗਾਈ ਜਾ ਸਕਦੀ ਹੈ।’ ਅਥਾਰਿਟੀਜ਼ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਇਸ ਸਾਲ ਦੇ ਅੰਤ ਤਕ ਟੀਕੇ ਦੇ ਆਉਣ ਦੀ ਸੰਭਾਵਨਾ ਘੱਟ ਹੈ।