ਕਰੋਨਾ ਦੇ ਸਭ ਤੋਂ ਵੱਧ ਪ੍ਰਕੋਪ ਦੇ ਬਾਵਜੂਦ ਅਮਰੀਕਾ ਪਰਤ ਰਹੇ ਨੇ ਐੱਨਆਰਆਈ

0
785

ਲੁਧਿਆਣਾ: ਪੂਰੀ ਦੁਨੀਆਂ ਵਿੱਚ ਫੈਲੀ ਕਰੋਨਾਵਾਇਰਸ ਮਹਾਮਾਰੀ ਨੇ ਇਸ ਸਮੇਂ ਸਭ ਤੋਂ ਵੱਧ ਕਹਿਰ ਅਮਰੀਕਾ ਵਿੱਚ ਢਾਹਿਆ ਹੋਇਆ ਹੈ। ਕਰੋਨਾਵਾਇਰਸ ਪੀੜਤ ਮਰੀਜ਼ਾਂ ਤੇ ਮ੍ਰਿਤਕਾਂ ਦੀ ਗਿਣਤੀ ਅਮਰੀਕਾ ਵਿੱਚ ਹੀ ਸਭ ਤੋਂ ਵੱਧ ਹੈ ਪਰ ਫਿਰ ਵੀ ਪੰਜਾਬ ਵਿੱਚ ਛੁੱਟੀਆਂ ਮਨਾਉਣ ਆਏ ਐੱਨਆਰਆਈ ਅਮਰੀਕਾ ਜਾਣ ਲੱਗੇ ਹੋਏ ਹਨ। ਪਿਛਲੇ ੧੦ ਦਿਨਾਂ ਤੋਂ ਯੂਐੱਸਏ ਅੰਬੈਸੀ ਲੁਧਿਆਣਾ ਵਿੱਚੋਂ ੨੦ ਤੋਂ ਵੱਧ ਵਿਸ਼ੇਸ਼ ਬੱਸਾਂ ਰਾਹੀਂ ਪੂਰੇ ਪੰਜਾਬ ਤੋਂ ਆਏ ਕਰੀਬ ੮੦੦ ਐੱਨਆਰਆਈ’ਜ਼ ਦਿੱਲੀ ਏਅਰਪੋਰਟ ਜਾ ਚੁੱਕੇ ਹਨ। ਇੰਨਾ ਹੀ ਨਹੀਂ ਐੱਨਆਰਆਈ ਸਮਾਜਿਕ ਦੂਰੀ ਭੁੱਲ ਕੇ ਕਈ-ਕਈ ਘੰਟੇ ਧੁੱਪੇ ਲੱਗੀਆਂ ਲਾਈਨਾਂ ਵਿੱਚ ਖੜ੍ਹੇ ਹੋ ਕੇ ਬੱਸ ਅਮਰੀਕਾ ਜਾਣ ਦੀ ਕਾਹਲੀ ਵਿੱਚ ਹਨ।
ਦਰਅਸਲ, ਮਾਰਚ ਮਹੀਨੇ ਵਿੱਚ ਤਾਲਾਬੰਦੀ ਕਾਰਨ ਅਮਰੀਕਾ ਤੋਂ ਪੰਜਾਬ ਆਏ ਵੱਖ-ਵੱਖ ਦੇਸ਼ਾਂ ਦੇ ਐੱਨਆਰਆਈ’ਜ਼ ਇੱਥੇ ਹੀ ਫਸ ਗਏ। ਅਮਰੀਕਾ ਵਿੱਚ ਮੌਜੂਦਾ ਸਮੇਂ ਦੌਰਾਨ ੧੦ ਲੱਖ ਤੋਂ ਵੱਧ ਕਰੋਨਾ ਦੇ ਕੇਸ ਹਨ, ੫੯ ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ ਪਰ ਫਿਰ ਵੀ ਪੰਜਾਬ ਦੇ ਪਿੰਡਾਂ ਤੇ ਸ਼ਹਿਰ ਵਿੱਚ ਸ਼ਾਂਤੀ ਨਾਲ ਬੈਠੇ ਐੱਨਆਰਆਈ ਅਮਰੀਕਾ ਦਾ ਮੋਹ ਨਹੀਂ ਛੱਡ ਰਹੇ। ਪਿਛਲੇ ਇੱਕ ਹਫ਼ਤੇ ਦੌਰਾਨ ਯੂਐੱਸਏ ਅੰਬੈਸੀ ਰਾਹੀਂ ੨੦ ਤੋਂ ਵੱਧ ਬੱਸਾਂ ਰਾਹੀਂ ਐੱਨਆਰਆਈ ਦਿੱਲੀ ਏਅਰਪੋਰਟ ਤੋਂ ਅਮਰੀਕਾ ਲਈ ਰਵਾਨਾ ਹੋਏ ਹਨ। ਜ਼ਿਕਰਯੋਗ ਹੈ ਕਿ ਯੂਐੱਸਏ ਅੰਬੈਸੀ ਦੇ ਕੁੱਝ ਅਧਿਕਾਰੀ ਲੁਧਿਆਣਾ ਵਿੱਚ ਹੀ ਮੌਜੂਦ ਹਨ, ਇੱਥੋਂ ਰੋਜ਼ਾਨਾ ਭਾਈ ਵਾਲਾ ਚੌਕ ਨੇੜਿਓਂ ਅਮਰੀਕਾ ਜਾਣ ਵਾਲੇ ਐੱਨਆਰਆਈ ਦੇ ਕਾਗ਼ਜ਼ਾਤ ਚੈੱਕ ਕਰਕੇ ਉਨ੍ਹਾਂ ਨੂੰ ਬੱਸਾਂ ਰਾਹੀਂ ਦਿੱਲੀ ਤੇ ਫਿਰ ਉਥੋਂ ਵਿਸ਼ੇਸ ਉਡਾਨ ਰਾਹੀਂ ਅਮਰੀਕਾ ਭੇਜਿਆ ਜਾ ਰਿਹਾ ਹੈ। ਸਨਅਤੀ ਸ਼ਹਿਰ ਵਿੱਚੋਂ ੧੮ ਅਪਰੈਲ ਨੂੰ ੭ ਬੱਸ ਰਾਹੀਂ ਕਰੀਬ ੩੦੦ ਦੇ ਕਰੀਬ ਲੋਕਾਂ ਨੂੰ ਅਮਰੀਕਾ ਤੇ ਆਸਟ੍ਰੇਲੀਆ ਲਈ ਰਵਾਨਾ ਕੀਤਾ ਗਿਆ। ੨੪ ਅਪਰੈਲ ਨੂੰ ੧੦ ਬੱਸਾਂ ਰਾਹੀਂ ੨੫੦ ਲੋਕ ਅਮਰੀਕਾ ਗਏ, ੨੮ ਅਪਰੈਲ ਨੂੰ ੧੦ ਬੱਸਾਂ ਰਾਹੀਂ ੨੫੦ ਤੋਂ ਵੱਧ ਲੋਕਾਂ ਨੂੰ ਫਿਰ ਅਮਰੀਕਾ ਜਾਣ ਲਈ ਦਿੱਲੀ ਏਅਰਪੋਰਟ ਭੇਜਿਆ ਜਾ ਚੁੱਕਿਆ ਹੈ। ਅਮਰੀਕਾ ਦੇ ਸ਼ਹਿਰ ਨਿਊਯਾਰਕ ਵਾਸੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਯੂਐੱਸਏ ਅੰਬੈਸੀ ‘ਤੇ ਈ-ਮੇਲ ਕੀਤੀ, ਫਿਰ ਉਥੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਵਿਸ਼ੇਸ਼ ਬੱਸ ਰਾਹੀਂ ਦਿੱਲੀ ਏਅਰਪੋਰਟ ‘ਤੇ ਲਿਜਾਇਆ ਜਾਏਗਾ ਤੇ ਉਥੋਂ ਉਹ ਅਮਰੀਕਾ ਜਾ ਸਕਦੇ ਹਨ।