ਗੁਰਦੁਆਰਾ ਬਰੁੱਕਸਾਈਡ ਸਰੀ ਵਿਖੇ ਜੈਤੇਗ ਸਿੰਘ ਅਨੰਤ ਵੱਲੋਂ ਸੰਪਾਦਿਤ ਪੁਸਤਕ “ਰਾਮਗੜ੍ਹੀਆ ਵਿਰਾਸਤ” ਰਿਲੀਜ਼

0
598

ਸਰੀ (ਹਰਦਮ ਮਾਨ), 16 ਮਈ 2021-ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਅੱਜ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਸਮਰਪਿਤ ਸੰਖੇਪ ਸਮਾਗਮ ਦੌਰਾਨ ਨਾਮਵਰ ਸਿੱਖ ਵਿਦਵਾਨ ਅਤੇ ਚਿੰਤਕ ਸ. ਜੈਤੇਗ ਸਿੰਘ ਅਨੰਤ ਦੁਆਰਾ ਸੰਪਾਦਿਤ ਵੱਡ-ਆਕਾਰੀ ਸਚਿੱਤਰ ਕੌਫੀ ਟੇਬਲ ਪੁਸਤਕ “ਰਾਮਗੜ੍ਹੀਆ ਵਿਰਾਸਤ” ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਦੀ ਰਸਮ ਸਰੀ ਨਿਊਟਨ ਦੇ ਮੈਂਬਰ ਪਾਲਰੀਮੈਂਟ ਸੁਖ ਧਾਲੀਵਾਲ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ, ਜੈਤੇਗ ਸਿੰਘ ਅਨੰਤ ਅਤੇ ਕਮੇਟੀ ਦੇ ਅਹੁਦੇਦਾਰਾਂ ਨੇ ਅਦਾ ਕੀਤੀ।

ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਸੁਖ ਧਾਲੀਵਾਲ ਨੇ ਸ. ਜੈਤੇਗ ਸਿੰਘ ਅਨੰਤ ਦੀ ਅਣਥੱਕ ਮਿਹਨਤ, ਲਗਨ ਅਤੇ ਸਿਰੜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪੁਸਤਕ ਰਾਮਗੜ੍ਹੀਆ ਭਾਈਚਾਰੇ ਦੇ ਮਾਣਮੱਤੇ ਇਤਿਹਾਸ, ਮਾਨਯੋਗ ਸ਼ਖ਼ਸੀਅਤਾਂ, ਪ੍ਰਾਪਤੀਆਂ ਅਤੇ ਕਾਰਜਾਂ ਦਾ ਅਹਿਮ ਦਸਤਾਵੇਜ ਹੈ। ਇਹ ਸਾਂਭਣਯੋਗ ਪੁਸਤਕ ਨਵੀਂ ਪੀੜ੍ਹੀ ਲਈ ਬੇਹੱਦ ਲਾਹੇਵੰਦ ਹੋਵੇਗੀ। ਉਨ੍ਹਾਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਭਾਈਚਾਰੇ ਲਈ ਕੀਤੇ ਜਾ ਰਹੇ ਅਹਿਮ ਕਾਰਜਾਂ ਦੀ ਵੀ ਪ੍ਰਸੰਸਾ ਕੀਤੀ।

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਇਸ ਪੁਸਤਕ ਦੀ ਪਿੱਠਭੂਮੀ ਦੀ ਗੱਲ ਕਰਦਿਆਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਤੇ ਸਾਲ 2020 ਦੀ ਰਾਮਗੜ੍ਹੀਆ ਵਿਸ਼ਵ ਕਾਨਫਰੰਸ, ਸਰੀ ਵਿਖੇ ਕਰਵਾਉਣ ਲਈ ਉਲੀਕੇ ਗਏ ਪ੍ਰੋਗਰਾਮ ਸਦਕਾ ਇਸ ਪੁਸਤਕ ਦਾ ਮੁੱਢ ਬੱਝਿਆ ਅਤੇ ਸ. ਜੈਤੇਗ ਸਿੰਘ ਅਨੰਤ ਨੇ ਹਾਮੀ ਭਰ ਕੇ ਇਸ ਕਾਰਜ ਲਈ ਉਤਸ਼ਾਹਿਤ ਹੀ ਨਹੀਂ ਕੀਤਾ ਸਗੋਂ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਅਤੇ ਯੋਗ ਅਗਵਾਈ ਪ੍ਰਦਾਨ ਕਰਕੇ ਪੁਸਤਕ ਨੂੰ ਇਤਿਹਾਸਕ ਦਸਤਾਵੇਜ ਬਣਾਉਣ ਦਾ ਅਹਿਮ ਅਤੇ ਸ਼ਲਾਘਾਯੋਗ ਕਾਰਜ ਕੀਤਾ ਹੈ ਜਿਸ ਲਈ ਰਾਮਗੜ੍ਹੀਆ ਸੁਸਾਇਟੀ ਉਨ੍ਹਾਂ ਦੀ ਹਮੇਸ਼ਾ ਰਿਣੀ ਰਹੇਗੀ।

ਪੁਸਤਕ ਦੇ ਸੰਪਾਦਕ ਸ. ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਇਸ ਬਹੁਰੰਗੀ, ਕਲਾਤਮਿਕ ਅਤੇ ਸੁਚਿੱਤਰ ਪੁਸਤਕ ਵਿਚ ਗੁਰੂ ਘਰ ਦੇ ਰਾਮਗੜ੍ਹੀਆ ਸਿੱਖ, ਸਿੱਖਰਾਜ ਦੀ ਸਥਾਪਤੀ ਵਿਚ ਜੱਸਾ ਸਿੰਘ ਰਾਮਗੜ੍ਹੀਆ ਦਾ ਯੋਗਦਾਨ, ਸਿੱਖ ਮਿਸਲਾਂ ਵਿਚ ਰਾਮਗੜ੍ਹੀਆ ਭਾਈਚਾਰੇ ਦੀ ਭੂਮਿਕਾ, ਯੋਧੇ ਤੇ ਜਰਨੈਲ, ਵਿਰਾਸਤੀ ਚਿੰਨ੍ਹ, ਇਤਿਹਾਸਕ ਯਾਦਗਾਰਾਂ, ਕਲਾ ਦੇ ਰੌਸ਼ਨ ਮੀਨਾਰ, ਸੰਗੀਤ, ਪੱਤਰਕਾਰੀ, ਖੇਡਾਂ, ਉਦਯੋਗ ਆਦਿ ਵਿਸ਼ਿਆਂ ਦਾ ਵਿਸ਼ਾਲ ਸਾਗਰ ਦਰਜ ਕਰਨ ਦਾ ਯਤਨ ਕੀਤਾ ਹੈ। ਪੁਸਤਕ ਵਿਚ ਇਤਿਹਾਸਕ ਪੁਰਾਣੀਆਂ ਅਤੇ ਦੁਰਲੱਭ ਤਸਵੀਰਾਂ ਦਾ ਜ਼ਖੀਰਾ ਹੈ। ਉਨ੍ਹਾਂ ਰਾਮਗੜ੍ਹੀਆ ਸ਼ਿਲਪ ਕਲਾ ਅਤੇ ਭਵਨ ਕਲਾ ਦੀ ਪ੍ਰਸੰਸਾ ਕੀਤੀ ਅਤੇ ਰਾਮਗੜ੍ਹੀਆ ਭਾਈਚਾਰੇ ਦੀਆਂ ਦੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਪੁਸਤਕ ਕੈਨੇਡਾ, ਇੰਗਲੈਂਡ, ਅਫਰੀਕਾ ਤੋਂ ਇਲਾਵਾ ਭਾਰਤੀ ਪਾਰਲੀਮੈਂਟ ਦੀ ਲਾਇਬਰੇਰੀ, ਨੈਸ਼ਨਲ ਲਾਇਬਰੇਰੀ ਕਲਕੱਤਾ, ਸਿੱਖ ਰੈਫਰੈਂਸ ਲਾਇਬਰੇਰੀ ਅਤੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀਆਂ ਲਾਇਬਰੇਰੀਆਂ ਵਿਚ ਉਪਲਬਧ ਕਰਵਾਈ ਜਾ ਚੁੱਕੀ ਹੈ ਤਾਂ ਕਿ ਰੁਚੀ ਰੱਖਣ ਵਾਲੇ ਪਾਠਕ ਅਤੇ ਵਿਦਿਆਰਥੀ ਲਾਇਬਰੇਰੀਆਂ ਰਾਹੀਂ ਇਹ ਪੁਸਤਕ ਹਾਸਲ ਕਰ ਸਕਣ, ਆਪਣੇ ਵਿਰਸੇ ਤੋਂ ਜਾਣੂੰ ਹੋ ਸਕਣ ਅਤੇ ਇਸ ਪੁਸਤਕ ਨੂੰ ਆਪਣੇ ਖੋਜ ਕਾਰਜਾਂ ਦਾ ਸਰੋਤ ਬਣਾ ਸਕਣ। ਉਨ੍ਹਾਂ ਗੁਰਮੁਖੀ ਵਿਚ ਛਪੀ ਇਸ ਪਹਿਲੀ ਕੌਫੀ ਟੇਬਲ ਪੁਸਤਕ ਦੇ ਪ੍ਰਕਾਸ਼ਨ ਕਾਰਜ ਵਿਚ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਦਿੱਤੇ ਸਹਿਯੋਗ ਅਤੇ ਸਰਪ੍ਰਸਤੀ ਲਈ ਸੁਸਾਇਟੀ ਦੇ ਸਭਨਾਂ ਅਹੁਦੇਦਾਰਾਂ ਅਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਵੱਲੋਂ ਸ. ਜੈਤੇਗ ਸਿੰਘ ਅਨੰਤ ਨੂੰ ਸਿਰੋਪਾਓ, ਯਾਦਗਾਰੀ ਮੋਮੈਂਟੋ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਮੀਤ ਪ੍ਰਧਾਨ ਧਰਮ ਸਿੰਘ ਪਨੇਸਰ ਨੇ ਵੀ ਪੁਸਤਕ ਉਪਰ ਵਿਚਾਰ ਪੇਸ਼ ਕਰਦਿਆਂ ਸ. ਜੈਤੇਗ ਸਿੰਘ ਦੀ ਸੂਝ, ਕਲਾ ਅਤੇ ਵਿਦਵਤਾ ਨੂੰ ਸਲਾਮ ਕੀਤਾ। ਸੁਸਾਇਟੀ ਦੇ ਸਕੱਤਰ ਚਰਨਜੀਤ ਸਿੰਘ ਮਰਵਾਹਾ ਨੇ ਸਭਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਇਸ ਸਮਾਗਮ ਵਿਚ ਤਰਸੇਮ ਸਿੰਘ ਵਿਰਦੀ, ਦੀਪ ਸਿੰਘ ਕਲਸੀ, ਮੋਤਾ ਸਿੰਘ ਝੀਤਾ, ਬਲਬੀਰ ਸਿੰਘ ਚਾਨਾ, ਜਸਵੰਤ ਸਿੰਘ ਜੰਡੂ, ਸੰਤੋਖ ਸਿੰਘ ਬਿਲਖੂ ਅਤੇ ਗੁਰਨਾਮ ਸਿੰਘ ਕਲਸੀ ਨੇ ਵੀ ਸ਼ਮੂਲੀਅਤ ਕੀਤੀ।