ਚੰਡੀਗੜ੍ਹ: ਪੰਜਾਬ ਵਿੱਚ ਪੰਚਾਇਤ ਚੋਣਾਂ 15 ਅਕਤੂਬਰ ਨੂੰ ਕਰਵਾਏ ਜਾਣ ਦੀ ਸੰਭਾਵਨਾ ਹੈ ਅਤੇ 25 ਸਤੰਬਰ ਨੂੰ ਸੂਬੇ ਵਿਚ ਚੋਣਾਂ ਦਾ ਐਲਾਨ ਰਾਜ ਚੋਣ ਕਮਿਸ਼ਨ ਕਰ ਸਕਦਾ ਹੈ। ਕਮਿਸ਼ਨ ਨੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ। ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਕਮਿਸ਼ਨ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਸਰਪੰਚਾਂ ਦੇ ਰਾਖਵੇਂਕਰਨ ਦੇ ਨੋਟੀਫ਼ਿਕੇਸ਼ਨ ਦੇ ਵੇਰਵੇ ਮੰਗ ਲਏ ਹਨ। ਰਾਜ ਚੋਣ ਕਮਿਸ਼ਨ ਨੇ ਦੋ ਦਿਨ ਪਹਿਲਾਂ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਕੀਤੀ ਸੀ। ਸੂਤਰ ਦੱਸਦੇ ਹਨ ਕਿ ਪਹਿਲਾਂ ਪੰਚਾਇਤ ਚੋਣਾਂ 13 ਜਾਂ 18 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਸੀ ਪਰ ਹੁਣ 15 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਿਆਂ ਵਿੱਚ ਸਰਪੰਚਾਂ ਦੇ ਰਾਖਵੇਂਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਸੋਮਵਾਰ ਸ਼ਾਮ ਤੱਕ ਇਹ ਪ੍ਰਕਿਰਿਆ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਧਰ, ਚੋਣ ਜ਼ਾਬਤੇ ਦੇ ਡਰੋਂ ਪਿੰਡਾਂ ਵਿੱਚ ਵਿਕਾਸ ਕੰਮ ਜ਼ੋਰ ਫੜ ਗਏ ਹਨ। ‘ਆਪ’ ਦੇ ਵਿਧਾਇਕ ਤੇ ਵਜ਼ੀਰ ਰਾਖਵੇਂਕਰਨ ਨੂੰ ਲੈ ਕੇ ਸਿਆਸੀ ਪ੍ਰਕਿਰਿਆ ਵਿੱਚ ਉਲਝੇ ਹੋਏ ਹਨ।ਸਰਪੰਚੀ ਦੇ ਚਾਹਵਾਨਾਂ ਵੱਲੋਂ ਵਿਧਾਇਕਾਂ ਤੇ ਵਜ਼ੀਰਾਂ ਦੁਆਲੇ ਚੱਕਰ ਕੱਟੇ ਜਾ ਰਹੇ ਹਨ। ਐਤਕੀਂ ਬਲਾਕ ਨੂੰ ਇਕਾਈ ਮੰਨ ਕੇ ਰਾਖਵੇਂਕਰਨ ਕੀਤਾ ਜਾ ਰਿਹਾ ਹੈ ਅਤੇ ਨਵੇਂ ਸਿਰੇ ਤੋਂ ਰੋਸਟਰ ਤਿਆਰ ਕੀਤਾ ਜਾ ਰਿਹਾ ਹੈ। ਸਰਪੰਚਾਂ ਦੇ ਅਹੁਦੇ ਰਾਖਵੇਂ ਕਰਨ ਲਈ ਜੋ ਰੋਸਟਰ ਤਿਆਰ ਹੋ ਰਹੇ ਹਨ, ਉਨ੍ਹਾਂ ਲਈ 2011 ਦੀ ਜਨਗਣਨਾ ਨੂੰ ਆਧਾਰ ਬਣਾਇਆ ਗਿਆ ਹੈ। ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ ਅਤੇ ਪਹਿਲੇ ਪੜਾਅ ਵਿੱਚ ਗਰਾਮ ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ ਜਦੋਂ ਕਿ ਦੂਜੇ ਵਿੱਚ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਹੋਣਗੀਆਂ।