ਅਟਾਰੀ: ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਦਿਹਾੜੇ ‘ਤੇ ਕੈਨੇਡਾ ਦੇ ਇੱਕ ਪਰਿਵਾਰ ਵੱਲੋਂ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਧਾਮਾਂ ਦੇ ਦਰਸ਼ਨਾਂ ਲਈ ਚਲਾਈ ਗਈ ਵਿਸ਼ੇਸ਼ ਬੱਸ, ਜਿਸ ਨੂੰ ਉਨ੍ਹਾਂ ਵੱਲੋਂ ਕੈਨੇਡਾ ਤੋਂ ਸੁਲਤਾਨਪੁਰ ਲੋਧੀ ਯਾਤਰਾ ਬੱਸ ਦਾ ਨਾਂਅ ਦਿੱਤਾ ਹੈ, ੧੭ ਦੇਸ਼ਾਂ ਵਿਚ ਦੀ ਹੁੰਦੀ ਹੋਈ ੨੧੦੦ ਕਿੱਲੋਮੀਟਰ ਪੈਂਡਾ ਤੈਅ ਕਰਦਿਆਂ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪਹੁੰਚੀ, ਜਿੱਥੇ ਪਹੁੰਚਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਰਜਿੰਦਰ ਸਿੰਘ ਅਟਾਰੀ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਇਸ ਬੱਸ ‘ਚ ੯ ਸਿੱਖ ਸ਼ਰਧਾਲੂਆਂ ਨੂੰ ੩ ਸਤੰਬਰ ਨੂੰ ਕੈਨੇਡਾ ਦੇ ਸ਼ਹਿਰ ਬਰੈਂਪਟਨ ਤੋਂ ਗੁਰਚਰਨ ਸਿੰਘ ਬਨਵੈਤ ਦੀ ਅਗਵਾਈ ਹੇਠ ਸਿੱਖ ਸੰਗਤਾਂ ਵੱਲੋਂ ਰਵਾਨਾ ਕੀਤਾ ਗਿਆ ਸੀ ।ਇਸ ਬੱਸ ਨੇ ਜਿੱਥੇ ਐਟਲਾਂਟਿਕ ਸਾਗਰ ਨੂੰ ਇੱਕ ਜਹਾਜ਼ ਰਾਹੀਂ ਪਾਰ ਕੀਤਾ, ਉੱਥੇ ਹੀ ਇਹ ਬੱਸ ਲੰਡਨ ਫਰਾਂਸ ਜਰਮਨੀ ਆਸਟਰੀਆ, ਸਵਿਟਜ਼ਰਲੈਂਡ, ਤੁਰਕੀ, ਈਰਾਨ ਆਦਿ ਦੇਸ਼ਾਂ ਤੋਂ ਹੁੰਦੀ ਹੋਈ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਾਗਮਾਂ ਵਿਚ ਸ਼ਾਮਲ
ਹੋਈ।
ਇਹ ਬੱਸ ੧੨ ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸਮਾਗਮਾਂ ਵਿਚ ਸ਼ਿਰਕਤ ਕਰਨ ਉਪਰੰਤ ਵੱਖ-ਵੱਖ ਗੁਰਧਾਮਾਂ ਦੀ ਯਾਤਰਾ ਕਰਦਿਆਂ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਵਿਚ ਦਾਖ਼ਲ ਹੋਈ।