ਕੈਨੇਡਾ ਲਈ ਵੀਜ਼ਾ ਦੇਣ ਦੀ ਦਰ ਨੂੰ ਲੱਗ ਰਿਹਾ ਹੈ ਵੱਡਾ ਖੋਰਾ

0
2155

ਸਰੀ: ਵਿਸ਼ਵ ਦੇ ਹਰੇਕ ਹਿੱਸੇ ਤੋਂ ਲੋਕ ਕੈਨੇਡਾ ਪੁੱਜਣ ਦੇ ਚਾਹਵਾਨ ਹਨ ਪਰ ਕੈਨੇਡੀਅਨ ਰਾਜਦੂਤ ਘਰਾਂ ਤੋਂ ਵੀਜ਼ਾ ਦੇਣ ਦੀ ਦਰ ਲਗਾਤਾਰਤਾ ਨਾਲ ਘਟਣ ਦੀਆਂ ਖ਼ਬਰਾਂ ਹਨ।
ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਿਕ ਅਫਰੀਕਾ ਮਹਾਂਦੀਪ ਵਿਚ ਚਾਰ ਸਾਲਾਂ ਦੌਰਾਨ ਸਭ ਤੋਂ ਵੱਧ ਵੀਜ਼ਾ ਇਨਕਾਰ ਕੀਤੇ ਗਏ, ਜਦਕਿ ਯੂਰਪੀ ਦੇਸ਼ਾਂ ਤੋਂ ਵੀਜ਼ਾ ਦੀ ਦਰ ਵਿਚ ਲਗਪਗ ਚਾਰ ਫ਼ੀਸਦੀ ਦਾ ਵਾਧਾ ਦਰਜ ਕੀਤਾ
ਹੈ।
ਸਟੱਡੀ ਤੇ ਵਰਕ ਵੀਜ਼ਾ ਸੈਰ ਤੇ ਬਿਜ਼ਨਸ ਦੇ ਵੀਜ਼ਾ ਤੋਂ ਵੱਖਰੀ ਸ਼੍ਰੇਣੀ ਹੈ। ਸੈਰ ਦੇ ਵੀਜ਼ਾ ਦੀ ਨਾਂਹ ਦਰ ਆਮ ਨਾਲੋਂ ਵਧੀ ਹੈ। ਅਫਰੀਕੀ ਦੇਸ਼ਾਂ ਵਿਚ ੨੦੧੫ ਅਤੇ ੨੦੧੮ ਦਰਮਿਆਨ ਕੈਨੇਡਾ ਦੇ ਸੈਰ ਵਾਲੇ ਵੀਜ਼ਾ ਤੋਂ ਇਨਕਾਰ ਦੀ ਦਰ ਵਿਚ ੧੮ ਫ਼ੀਸਦੀ ਵਾਧਾ ਹੋਇਆ ਹੈ, ਜਦਕਿ ਏਸ਼ੀਆ ਦੇ ਦੇਸ਼ਾਂ ਵਿਚ ਇਹੀ ਦਰ ਸਵਾ ਸੱਤ ਫ਼ੀਸਦੀ, ਮੱਧ-ਪੂਰਬ ਵਿਚ ਇਹ ਦਰ ਸਵਾ ਦਸ ਫ਼ੀਸਦੀ ਤੋਂ ਵੱਧ ਹੈ। ਸੰਸਾਰ ਭਰ ਵਿਚ ਕੈਨੇਡਾ ਦੇ ਵੀਜ਼ਾ ਤੋਂ ਨਾਂਹ ਕਰਨ ਦੀ ਦਰ ੧੩.੬ ਫ਼ੀਸਦੀ ਤੋਂ ਉਪਰ ਹੈ। ਇਸੇ ਸਮੇਂ ਦੌਰਾਨ ਯੂਰਪੀ ਦੇਸ਼ਾਂ ਤੋਂ ਕੈਨੇਡੀਅਨ ਵੀਜ਼ਾ ਦਿੱਤੇ ਜਾਣ ਦੀ ਦਰ ਵਿਚ ਲਗਪਗ ਸਾਢੇ ਚਾਰ ਫ਼ੀਸਦੀ ਦਾ ਵਾਧਾ ਦਰਜ ਕੀਤਾ
ਹੈ।
ਚਾਰ ਕੁ ਸਾਲਾਂ ਤੋਂ ਕੈਨੇਡਾ ਵੱਲ ਸਾਰੇ ਮਹਾਂਦੀਪਾਂ ਦੇ ਲੋਕਾਂ ਦਾ ਝੁਕਾਅ ਵਧਿਆ ਹੈ, ਤੇ ਬੇਸ਼ੁਮਾਰ ਲੋਕ ਅਪਲਾਈ ਕਰ ਰਹੇ ਹਨ, ਜਿਸ ਕਰਕੇ ਪਹਿਲਾਂ ਜਿੰਨੇ ਵੀਜ਼ਾ ਦੇਣ ਦੀ ਦਰ ਨਾਲ ਵੀ ਵੀਜ਼ਾ ਧਾਰਕਾਂ ਦੀ ਗਿਣਤੀ ਬਹੁਤ ਵੱਧ ਗਈ ਹੈ, ਜਿਸ ਕਰ ਕੇ ਕੈਨੇਡੀਅਨ ਹਵਾਈ ਅੱਡਿਆ ‘ਚ ਭੀੜ ਨੂੰ ਦੇਖ ਕੇ ਲੱਗਣ ਲੱਗਦਾ ਕਿ ਕੈਨੇਡਾ ਦਾ ਵੀਜ਼ਾ ਬਹੁਤ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਖੋਜੀਆਂ ਤੇ ਬੁੱਧੀਜੀਵੀਆਂ ਨੂੰ ਵੀਜ਼ਾ ਦੇਣ ਦੀ ਦਰ ਵੀ ਘੱਟ ਹੋ ਰਹੀ ਹੈ, ਕਿਉਂਕਿ ਬੀਤੇ ਸਮੇਂ ਦੌਰਾਨ ਕੈਨੇਡਾ ਵਿਚ ਕੀਤੀਆਂ ਜਾਂਦੀਆਂ ਕਾਨਫਰੰਸਾਂ ਵਿਚ ਹਿੱਸਾ ਲੈਣ ਦੇ ਢਕਵੰਜ ਨਾਲ ਕੈਨੇਡਾ ਦੇ ਵੀਜ਼ਾ ਦੀ ਦੁਰਵਰਤੋਂ ਬਹੁਤ ਵਧੀ ਹੈ।
ਕੁਝ ਮਾਮਲਿਆਂ ਵਿਚ ਤਾਂ ਕਾਨਫਰੰਸਾਂ ਵਿਚ ਜਾਣ ਵਾਲੇ ਵੀਜ਼ਾ ਤੋਂ ਇਨਕਾਰ ਦਰ ੫੦ ਫ਼ੀਸਦੀ ਤੱਕ ਪੁੱਜ ਚੁੱਕੀ ਹੈ ਅਤੇ ਕਈ ਬੁੱਧੀਜੀਵੀਆਂ ਨੂੰ ਵਾਰ-ਵਾਰ ਨਾਂਹ ਹੋ ਰਹੀ ਹੈ। ਪਹਿਲੀ ਵਾਰੀ ਵਿਦੇਸ਼ਾਂ ਜਾਣ ਵਾਲੇ, ਬੇਰੁਜ਼ਗਾਰ ਤੇ ਪੈਸੇ ਦੀ ਥੋੜ ਵਾਲੇ ਅਰਜ਼ੀਕਰਤਾਵਾਂ ਨੂੰ ਕੈਨੇਡਾ ਦੀ ਸੈਰ ਦਾ ਵੀਜ਼ਾ ਇਨਕਾਰ ਹੋਣਾ ਲਗਪਗ ਤਹਿ ਹੁੰਦਾ
ਹੈ।