ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲੀਸ ਕੋਲ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਦਾ ਗੁਨਾਹ ਕਬੂਲਿਆ

0
849

ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਆਲਾ ਨੂੰ ਮਾਰਵਾਉਣ ਦੀ ਗੱਲ ਕਬੂਲੀ ਹੈ। ਸੂਤਰਾਂ ਅਨੁਸਾਰ ਬਿਸ਼ਨੋਈ ਨੇ ਦਿੱਲੀ ਪੁਲੀਸ ਨੂੰ ਕਿਹਾ, ‘ਹਾਂ, ਮੈਂ ਸਿੱਧੂ ਮੂਸੇਵਾਲਾ ਨੂੰ ਮਰਵਾਇਆ ਹੈ।’ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਏ ਜਾਣ ਕਾਰਨ 700 ਮੈਂਬਰੀ ਅਪਰਾਧੀਆਂ ਦੇ ਗਰੋਹ ਦਾ ਸਰਗਨਾ 30 ਸਾਲਾ ਲਾਰੈਂਸ ਬਿਸ਼ਨੋਈ ਪੁਲੀਸ ਦੇ ਘੇਰੇ ਵਿੱਚ ਆ ਗਿਆ ਹੈ।

ਬਰਾੜ, ਜੋ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਬਿਸ਼ਨੋਈ ਦਾ ਨਜ਼ਦੀਕੀ ਸਹਿਯੋਗੀ ਹੈ, ਨੇ ਪਿਛਲੇ ਸਾਲ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਫੇਸਬੁੱਕ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। 12 ਫਰਵਰੀ 1993 ਨੂੰ ਜਨਮੇ ਬਿਸ਼ਨੋਈ, ਜਿਸਨੂੰ ਗਰੋਹ ਦੇ ਮੈਂਬਰਾਂ ਵੱਲੋਂ ਡਾਨ ਕਿਹਾ ਜਾਂਦਾ ਹੈ, ਗ੍ਰੈਜੂਏਟ ਹੈ ਅਤੇ ਅਬੋਹਰ ਦੇ ਨੇੜੇ ਪਿੰਡ ਦਾ ਵਸਨੀਕ ਹੈ। ਬਿਸ਼ਨੋਈ ਦੇ ਪਿਤਾ 1992 ਵਿੱਚ ਹਰਿਆਣਾ ਪੁਲੀਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ ਸਨ ਪਰ ਪੰਜ ਸਾਲ ਬਾਅਦ ਨੌਕਰੀ ਛੱਡ ਕੇ ਖੇਤੀ ਕਰਨ ਲੱਗੇ। 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।