ਚੀਨ ’ਚ ਅੰਗਰੇਜ਼ੀ ਨੂੰ ਲੈ ਕੇ ਬਹਿਸ ਭਖੀ

0
766

ਪੇਈਚਿੰਗ: ਚੀਨ ਦੀ ਕੌਮੀ ਸਲਾਹਕਾਰ ਕਮੇਟੀ ਵੱਲੋਂ ਅੰਗਰੇਜ਼ੀ ਨੂੰ ਮੁੱਖ ਵਿਸ਼ੇ ਵਜੋਂ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ’ਚੋਂ ਹਟਾਉਣ ਦੀ ਤਜਵੀਜ਼ ਨਾਲ ਭਾਸ਼ਾ ਨੂੰ ਲੈ ਕੇ ਬਹਿਸ ਭਖ ਗਈ ਹੈ। ਬਹੁਤੇ ਲੋਕ ਅੰਗਰੇਜ਼ੀ ਦੇ ਪੱਖ ’ਚ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅੰਗਰੇਜ਼ੀ ਕਾਰਨ ਚੀਨ ਹੋਰ ਮੁਲਕਾਂ ਨਾਲ ਮੁਕਾਬਲੇ ਦੇ ਸਮਰੱਥ ਬਣੇਗਾ। ਮੰਡਾਰਿਨ ਭਾਸ਼ਾ ਬੋਲਣ ਵਾਲੇ ਮੁਲਕ ’ਚ ਅਗਰੇਜ਼ੀ ਦਾ ਦਬਦਬਾ ਹੌਲੀ ਹੌਲੀ ਵਧਦਾ ਜਾ ਰਿਹਾ ਹੈ। ਸਾਲ 2001 ਤੋਂ ਸਰਕਾਰ ਨੇ ਸਕੂਲਾਂ ਅਤੇ ਕਾਲਜਾਂ ’ਚ ਅੰਗਰੇਜ਼ੀ ਨੂੰ ਲਾਜ਼ਮੀ ਕਰ ਦਿੱਤਾ ਸੀ।

ਪੀਪਲਜ਼ ਪੋਲਿਟਿਕਲ ਕੰਸਲਟੇਟਿਵ ਕਾਨਫਰੰਸ ਬਾਰੇ ਕੌਮੀ ਕਮੇਟੀ ਦੇ ਮੈਂਬਰ ਸ਼ੂ ਜਿਨ ਨੇ ਤਜਵੀਜ਼ ਦਿੱਤੀ ਹੈ ਕਿ ਅੰਗਰੇਜ਼ੀ ਨੂੰ ਚੀਨੀ ਅਤੇ ਗਣਿਤ ਵਾਂਗ ਮੁੱਖ ਵਿਸ਼ਾ ਨਹੀਂ ਰੱਖਿਆ ਜਾਣਾ ਚਾਹੀਦਾ ਹੈ। ਇਸ ਦੀ ਬਜਾਏ ਵਿਦਿਆਰਥੀਆਂ ਨੂੰ ਸਰੀਰਕ ਸਿੱਖਿਆ, ਸੰਗੀਤ ਅਤੇ ਕਲਾ ਜਿਹੇ ਹੁਨਰਾਂ ’ਚ ਸੁਧਾਰ ਲਈ ਵਾਧੂ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਉਸ ਨੇ ਸੁਝਾਅ ਦਿੱਤਾ ਹੈ ਕਿ ਅੰਗਰੇਜ਼ੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਨੂੰ ਨੈਸ਼ਨਲ ਕਾਲਜ ਦਾਖ਼ਲਾ ਪ੍ਰੀਖਿਆ ਲਈ ਲਾਜ਼ਮੀ ਵਿਸ਼ੇ ਵਜੋਂ ਨਹੀਂ ਰੱਖਿਆ ਜਾਣਾ ਚਾਹੀਦਾ ਹੈ। ਉਸ ਦੀ ਤਜਵੀਜ਼ ਨੇ ਸੋਸ਼ਲ ਮੀਡੀਆ ’ਤੇ ਬਹਿਸ ਨੂੰ ਭਖਾ ਦਿੱਤਾ ਹੈ। ਕੁਝ ਲੋਕਾਂ ਨੇ ਤਜਵੀਜ਼ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਸਕੂਲ ’ਚ ਅੰਗਰੇਜ਼ੀ ਪੜ੍ਹਨ ’ਚ ਵਧੇਰੇ ਸਮਾਂ ਬਰਬਾਦ ਕੀਤਾ ਹੈ ਪਰ ਉਹ ਰੋਜ਼ਾਨਾ ਦੇ ਜੀਵਨ ’ਚ ਇਸ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਦੇ ਹਨ। ਬਾਕੀ ਲੋਕਾਂ ਦਾ ਕਹਿਣਾ ਹੈ ਕਿ ਅੰਗਰੇਜ਼ੀ ਨੂੰ ਹਟਾਉਣ ਦਾ ਵਿਚਾਰ ਸਹੀ ਨਹੀਂ ਹੈ। ਚਾਈਨਾ ਯੂਥ ਡੇਲੀ ਵੱਲੋਂ ਕਰਵਾਏ ਗਏ ਆਨਲਾਈਨ ਸਰਵੇਖਣ ’ਚ ਇਕ ਲੱਖ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਤਜਵੀਜ਼ ਦਾ ਵਿਰੋਧ ਕੀਤਾ ਹੈ ਜਦਕਿ ਇਕ ਲੱਖ ਦੇ ਕਰੀਬ ਲੋਕਾਂ ਨੇ ਇਸ ਦੀ ਹਮਾਇਤ ਕੀਤੀ ਹੈ।