ਇਮਰਾਨ ਖ਼ਾਨ ਦਾ ਸੱਦਾ ਕੈਪਟਨ ਵਲੋਂ ਅਸਵੀਕਾਰ

0
1302

ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਅਤੇ ਅਪਣੇ ਹਿੱਸੇ ‘ਚ ਇਸਦੇ ਨਿਰਮਾਣ ਬਾਰੇ ਫ਼ਰਾਖ਼ਦਿਲੀ ਨੇ ਭਾਵੇਂ ਇਕ ਤਰ੍ਹਾਂ ਨਾਲ ਭਾਰਤ ਸਰਕਾਰ ਨੂੰ ਵੀ ਅਪਣੇ ਪੱਖ ਤੋਂ ਹੁੰਗਾਰਾ ਭਰਨ ਲਈ ਮਜਬੂਰ ਕੀਤਾ ਹੈ। ਪਰ ਹੁਣ ਜਦੋਂ ਸੱਭ ਕੁਝ ਸੁੱਖੀਂ-ਸਾਂਦੀ ਸਿਰੇ ਚੜ੍ਹਦਾ ਪ੍ਰਤੀਤ ਹੋ ਰਿਹਾ ਹੈ ਤਾਂ ਭਾਰਤੀ ਖਾਸਕਰ ਪੰਜਾਬ ਦੇ ਸਿਆਸਤਦਾਨਾਂ ‘ਚ ਇਕ ਨਵੀਂ ਦੌੜ ਸ਼ੁਰੂ ਹੋ ਗਈ ਹੈ। ਪਾਕਿਸਤਾਨ ਸਰਕਾਰ ਵਲੋਂ ਪਹਿਲਾਂ ਭਾਵੇਂ ਅਪਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕ੍ਰਿਕਟਰ ਮਿੱਤਰ ਤੇ ਚੜ੍ਹਦੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਹੀ ਸੱਦਾ ਭੇਜਿਆ ਗਿਆ ਹੋਣ ਦਾ ਪਤਾ ਲੱਗਾ ਸੀ। ਪਰ ਪਾਕਿਸਤਾਨ ਵਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੱਦਾ ਭੇਜ ਦਿਤਾ ਗਿਆ, ਜਿਸਨੂੰ ਕੈਪਟਨ ਨੇ ਅਸਵੀਕਾਰ ਵੀ ਕਰ ਦਿਤਾ ਹੈ। ਭਾਰਤੀ ਫ਼ੌਜ ‘ਚ ਸੇਵਾ ਨਿਭਾਅ ਚੁੱਕੇ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨੀ ਰੇਂਜਰਜ਼ ਸਰਹੱਦ ‘ਤੇ ਲਗਾਤਾਰ ਭਾਰਤੀ ਜਵਾਨਾਂ ਦਾ ਖ਼ੂਨ ਵਹਾ ਰਹੇ ਹਨ ਤੇ ਪੰਜਾਬ ਵਿਚ ਵੀ ਅਤਿਵਾਦੀ ਘਟਨਾਵਾਂ ਹੋ ਰਹੀਆਂ ਹਨ। ਜਿਸ ਦਿਨ ਇਹ ਖ਼ੂਨੀ ਜੰਗ ਖ਼ਤਮ ਹੋ ਜਾਏਗੀ, ਉਹ ਉਦੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣਗੇ।