ਪੰਜਾਬੀ ਕਿਸਾਨ ਪੀਟਰ ਢਿੱਲੋਂ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਵਿੱਚ ਸ਼ਾਮਲ

0
1422

ਟੋਰਾਂਟੋ: ਕੈਨੇਡਾ ਦੇ ਵੱਡੇ ਕਰੈਨਬੈਰੀ ਉਤਪਾਦਕ ਸਿੱਖ ਕਿਸਾਨ ਨੇ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਵਿੱਚ ਸ਼ਾਮਲ ਹੋ ਕੇ ਇਤਿਹਾਸ ਸਿਰਜਿਆ ਹੈ। ਉਹ ਮੁਲਕ ਦੇ ਸਭ ਤੋਂ ਵੱਡੇ ਕਰੈਨਬੈਰੀ ਉਤਪਾਦਕ ਹਨ।
ਬ੍ਰਿਟਿਸ਼ ਕੋਲੰਬੀਆ ਅਧਾਰਤ ਪੀਟਰ ਢਿੱਲੋਂ ਘੱਟਗਿਣਤੀ ਭਾਈਚਾਰੇ ’ਚੋਂ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਖੇਤੀਬਾੜੀ ਅਤੇ ਐਗਰੋ ਫੂਡ ਵਪਾਰ ਵਿੱਚ ਵੱਡਾ ਮਾਅਰਕਾ ਮਾਰਨ ਵਾਲੇ ਕੈਨੇਡਿਆਈ ਲੋਕਾਂ ਵਿੱਚ ਥਾਂ ਬਣਾਈ ਹੈ। ਹਾਲ ਦੀ ਘੜੀ ਉਹ ਓਸ਼ਨ ਸਪਰੇਅ ਦੇ ਚੇਅਰਮੈਨ ਹਨ। ਇਹ ਅਮਰੀਕਾ ਅਤੇ ਕੈਨੇਡਾ ਵਿੱਚ ਕਰੈਨਬੈਰੀ ਉਤਪਾਦਕਾਂ ਦੀ ਮਾਰਕੀਟਿੰਗ ਕੋਆਪ੍ਰੇਟਿਵ ਸੰਸਥਾ ਹੈ। ਉਨ੍ਹਾਂ 2014 ਵਿੱਚ ਸੰਸਥਾ ਦਾ ਪਹਿਲਾ ਏਸ਼ਿਆਈ ਚੇਅਰਮੈਨ ਬਣ ਕੇ ਪਿਛਲੀਆਂ ਸਾਰੀਆਂ ਰਵਾਇਤਾਂ ਨੂੰ ਤੋੜਿਆ ਸੀ। ਢਿਲੋਂ ਦਾ ਪੂਰਾ ਨਾਂ ਪੀਟਰ ਪਵਿੱਤਰ ਢਿਲੋਂ ਹੈ ਤੇ ਉਹ ਰਿਚਮੰਡ, ਬਿ੍ਟਿਸ਼ ਕੋਲੰਬੀਆ ਵਿੱਚ ਰਿਚਬੈਰੀ ਗਰੁੱਪ ਆਫ ਕੰਪਨੀਜ਼ ਦੇ ਨਾਂ ਨਾਲ ਕਰੈਨਬੈਰੀ ਦੀ ਖੇਤੀ ਕਰਦੇ ਹਨ। ਟੋਰਾਂਟੋ ਵਿੱਚ ਸਾਲਾਨਾ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਸਹੁੰ ਚੁੱਕ ਸਮਾਗਮ ਵਿੱਚ ਆਪਣੀ ਤਸਵੀਰ ’ਤੋਂ ਪਰਦਾ ਹਟਾਏ ਜਾਣ ਬਾਅਦ ਉਨ੍ਹਾਂ ਕਿਹਾ ਕਿ ਉਹ ਕੈਨੇਡਿਆਈ ਲੋਕਾਂ ਦੀ ਸੰਗਤ ਵਿੱਚ ਸ਼ਾਮਲ ਹੋ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਰਛਪਾਲ ਸਿੰਘ ਢਿੱਲੋਂ 1950 ਵਿੱਚ ਹੁਸ਼ਿਆਰਪੁਰ ਦੇ ਪੰਡੋਰੀ ਪਿੰਡ ’ਚੋਂ ਕੈਨੇਡਾ ਆਏ ਸਨ ਅਤੇ ਉਹ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ-ਕੈਨੇਡਿਆਈ ਸਨ। ਸਾਲ 1981-82 ਵਿੱਚ ਉਨ੍ਹਾਂ ਕਰੈਨਬੈਰੀ ਦੀ ਖੇਤੀ ਲਈ ਸੇਵਾਮੁਕਤੀ ਲੈ ਲਈ ਸੀ। ਪੀਟਰ ਢਿੱਲੋਂ 1993 ਵਿੱਚ ਯੂਕੇ ਤੋਂ ਕਾਨੂੰਨ ਦੀ ਡਿਗਰੀ ਪੂਰੀ ਕਰਨ ਬਾਅਦ ਇਸ ਪਰਿਵਾਰਕ ਕਾਰੋਬਾਰ ਵਿੱਚ ਸ਼ਾਮਲ ਹੋਏ ਸਨ। ਹਾਲ ਦੀ ਘੜੀ ਉਨ੍ਹਾਂ ਕੋਲ 2000 ਏਕੜ ਜ਼ਮੀਨ ਹੈ। ਬੀਤੇ ਵਰ੍ਹੇ ਉਨ੍ਹਾਂ ਦੇ ਗਰੁੱਪ ਨੇ 20 ਮਿਲੀਅਨ ਪਾਊਂਡ ਕਰੈਨਬੈਰੀਜ਼ ਦਾ ਉਤਪਾਦਨ ਕੀਤਾ ਸੀ। ਓਸ਼ਨ ਸਪਰੇਅ ਦੇ ਚੇਅਰਮੈਨ ਵਜੋਂ ਉਨ੍ਹਾਂ ਕਿਹਾ ਕਿ ਉਹ ਭਾਰਤੀ ਬਾਜ਼ਾਰ ਵਿੱਚ ਦਾਖਲ ਹੋਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਇਥੇ ਆਏ ਹਨ। ਭਾਰਤ ਵਿੱਚ ਕਰੈਨਬੈਰੀ ਜੂਸ ਅਤੇ ਸੁੱਖੇ ਉਤਪਾਦਾਂ ਦੀ ਭਾਰੀ ਸੰਭਾਵਨਾਵਾਂ ਹਨ।