ਆਮ ਆਦਮੀ ਪਾਰਟੀ ਨੇ ਜ਼ਮਾਨਤ ਜ਼ਬਤ ਕਰਵਾਉਣ ਦਾ ਰਿਕਾਰਡ ਬਣਾਇਆ

0
1875

ਚੰਡੀਗੜ੍ਹ: ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਲਗਾਤਾਰ ਚੌਥੀ ਵਾਰ ਜ਼ਮਾਨਤ ਜ਼ਬਤ ਹੋ ਗਈ ਹੈ, ਜਿਸ ਕਾਰਨ ਪਾਰਟੀ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ। ਪਾਰਟੀ ਨੂੰ ਚਾਰੇ ਹਲਕਿਆਂ ‘ਚੋਂ ਮਿਲੀ ਨਮੋਸ਼ੀ ਭਰੀ ਹਾਰ ਪ੍ਰਧਾਨ ਭਗਵੰਤ ਮਾਨ ਲਈ ਵੀ ਚੁਣੌਤੀ ਬਣ ਗਈ ਹੈ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਵਿਚ ਹੋਈਆਂ ਉਪ ਚੋਣਾਂ ਦੇ ਆਏ ਨਤੀਜਿਆਂ ਵਿਚ ਚਾਰੇ ਸੀਟਾਂ ‘ਤੇ ‘ਆਪ’ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਪਾਰਟੀ ਦੇ ਫਗਵਾੜਾ ਤੋਂ ਉਮੀਦਵਾਰ ਸੰਤੋਸ਼ ਕੁਮਾਰ ਗੋਗੀ ਨੂੰ ਮਹਿਜ਼ ੨,੯੧੦ ਵੋਟਾਂ ਹੀ ਮਿਲੀਆਂ ਹਨ ਜਦਕਿ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ ੯,੦੮੮ ਵੋਟਾਂ ਲੈ ਗਏ। ਇਸੇ ਤਰ੍ਹਾਂ ‘ਆਪ’ ਦੇ ਮੁਕੇਰੀਆਂ ਦੇ ਉਮੀਦਵਾਰ ਗੁਰਧਿਆਨ ਸਿੰਘ ਮੁਲਤਾਨੀ ਨੂੰ ਸਿਰਫ ੮,੨੬੧ ਵੋਟਾਂ ਨਸੀਬ ਹੋਈਆਂ ਤੇ ਜਲਾਲਾਬਾਦ ਹਲਕੇ ਵਿਚ ਵੀ ‘ਆਪ’ ਦੇ ਉਮੀਦਵਾਰ ਮੋਹਿੰਦਰ ਸਿੰਘ ਨੂੰ ੧੧,੩੦੧ ਵੋਟਾਂ ‘ਚ ਹੀ ਸੰਤੁਸ਼ਟ ਹੋਣਾ ਪਿਆ। ‘ਆਪ’ ਨੂੰ ਸਭ ਤੋਂ ਵੱਧ ਨਮੋਸ਼ੀ ਭਰੀ ਹਾਰ ਹਲਕਾ ਦਾਖਾ ਤੋਂ ਮਿਲੀ ਹੈ, ਜਿਥੋਂ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮੋਹੀ ਨੂੰ ਸਿਰਫ ੨,੮੦੪ ਵੋਟਾਂ ਹੀ ਮਿਲੀਆਂ ਹਨ। ਇਥੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਨੂੰ ੮,੪੪੧ ਵੋਟਾਂ ਮਿਲੀਆਂ, ਜੋ ‘ਆਪ’ ਤੋਂ ੫,੬੩੭ ਵੱਧ ਹਨ। ਜ਼ਿਕਰਯੋਗ ਹੈ ਕਿ ਦਾਖਾ ਹਲਕੇ ਦੀ ਸੀਟ ‘ਆਪ’ ਦੇ ਉਮੀਦਵਾਰ ਐੱਚਐੱਸ ਫੂਲਕਾ ਵੱਲੋਂ ਅਸਤੀਫਾ ਦੇਣ ਮਗਰੋਂ ਖਾਲੀ ਹੋਈ ਸੀ। ਇਸ ਤਰ੍ਹਾਂ ‘ਆਪ’ ਦੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸਾਰੇ ਚਾਰ ਹਲਕਿਆਂ ਤੋਂ ਕੁੱਲ ੨੫,੨੭੬ ਵੋਟਾਂ ਹੀ ਹਾਸਲ ਕਰ ਸਕੀ ਹੈ।
ਪਹਿਲਾਂ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀਆਂ ਉਪ ਚੋਣਾਂ ਸਮੇਤ ਲੋਕ ਸਭਾ ਚੋਣਾਂ ਵਿਚ ਵੀ ‘ਆਪ’ ਦੇ ਉਮੀਦਵਾਰਾਂ ਦੀਆਂ ੧੨ ਹਲਕਿਆਂ ‘ਚੋਂ ਜ਼ਮਾਨਤਾਂ ਜ਼ਬਤ ਹੋ ਚੁੱਕੀਆਂ ਹਨ। ਸਾਲ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਮਾਨ ਵੱਲੋਂ ਚਾਰਾਂ ਹਲਕਿਆਂ ਵਿਚ ਤਕਰੀਬਨ ਆਪ ਹੀ ਪ੍ਰਚਾਰ ਕੀਤਾ ਗਿਆ। ਉਨ੍ਹਾਂ ਦੀਆਂ ਰੈਲੀਆਂ ਵਿਚ ਲੋਕਾਂ ਦੀ ਖੂਬ ਭੀੜ ਜੁੜਦੀ ਰਹੀ।
ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ‘ਆਪ’ ਇਨ੍ਹਾਂ ਚੋਣਾਂ ਵਿਚ ਪਹਿਲਾਂ ਨਾਲੋਂ ਵਧੀਆ ਕਾਰਗੁਜ਼ਾਰੀ ਦਿਖਾਵੇਗੀ ਪਰ ਲੋਕਾਂ ਨੇ ਪਾਰਟੀ ਨੂੰ ਨਕਾਰ ਦਿੱਤਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਮਾਨ ਦੇ ਟੋਟਕੇ ਭੀੜ ਜੁਟਾਉਣ ਤਕ ਹੀ ਸੀਮਤ ਹਨ। ਉਨ੍ਹਾਂ ਦਾ ਜਾਦੂ ਵੋਟਰਾਂ ਦੀਆਂ ਵੋਟਾਂ ਕੈਸ਼ ਕਰਨ ਦੇ ਸਮਰੱਥ ਨਹੀਂ ਰਿਹਾ।
ਇਨ੍ਹਾਂ ਚੋਣਾਂ ਲਈ ਚਾਰ ਉਮੀਦਵਾਰਾਂ ਦੀ ਚੋਣ ਵੀ ਪੰਜਾਬ ਦੀ ਲੀਡਰਸ਼ਿਪ ਭਗਵੰਤ ਮਾਨ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਰੋਧੀ ਧਿਰ ਦੇ ਆਗੂ ਵਕੀਲ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕੀਤੀ ਸੀ ਅਤੇ ਚੋਣ ਪ੍ਰਚਾਰ ਵੀ ਇਨ੍ਹਾਂ ਆਗੂਆਂ ਦੀ ਅਗਵਾਈ ਹੇਠ ਹੀ ਹੋਇਆ ਹੈ, ਜਿਸ ਕਾਰਨ ਮਾਨ ਸਮੇਤ ਚੀਮਾ ਤੇ ਬੁੱਧ ਰਾਮ ਦੀ ਲੀਡਰਸ਼ਿਪ ‘ਤੇ ਵੀ ਸਵਾਲ ਖੜੇ ਹੋਏ ਹਨ। ‘ਆਪ’ ਵਾਂਗ ਹੀ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਨਾਮਾਤਰ ਹੀ ਸਰਗਰਮੀ ਰਹੀ ਹੈ, ਜਿਸ ਕਾਰਨ ਹੁਣ ਪੰਜਾਬੀਆਂ ਨੂੰ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ ਕਿਸੇ ਹੋਰ ਧਿਰ ਦੀ ਤਲਾਸ਼ ਰਹੇਗੀ।
ਤਰਲੋਚਨ ਸਿੰਘ, ਚੰਡੀਗੜ੍ਹ