ਭਾਰਤ ’ਚ ਫਸੇ ਵਿਦੇਸ਼ੀਆਂ ਦੇ ਵੀਜ਼ਿਆਂ ਦੀ ਮਿਆਦ 30 ਤਕ ਵਧਾਈ

0
524

ਦਿੱਲੀ: ਕੇਂਦਰ ਸਰਕਾਰ ਨੇ ਕੋਵਿਡ-19 ਕਾਰਨ ਮੁਲਕ ’ਚ ਫਸੇ ਵਿਦੇਸ਼ੀ ਨਾਗਰਿਕਾਂ ਦੇ ਨਿਯਮਤ ਵੀਜ਼ਿਆਂ ਅਤੇ ਈ-ਵੀਜ਼ਿਆਂ ਦੀ ਮਿਆਦ 30 ਅਪਰੈਲ ਤਕ ਵਧਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਸਾਰੇ ਵਿਦੇਸ਼ੀ ਜਿਨ੍ਹਾਂ ਦੇ ਰੈਗੂਲਰ ਵੀਜ਼ੇ, ਈ-ਵੀਜ਼ੇ ਜਾਂ ਮੁਲਕ ’ਚ ਠਹਿਰਨ ਦਾ ਸਮਾਂ ਪਹਿਲੀ ਫਰਵਰੀ ਤੋਂ 30 ਅਪਰੈਲ ਵਿਚਕਾਰ ਖ਼ਤਮ ਹੋ ਗਿਆ ਹੈ, ਉਨ੍ਹਾਂ ਨੂੰ ਆਨਲਾਈਨ ਅਰਜ਼ੀ ਦੇ ਕੇ 30 ਅਪਰੈਲ ਤਕ ਮੁਲਕ ’ਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਮੁਲਕ ’ਚ 24 ਮਾਰਚ ਤੋਂ 21 ਦਿਨ ਦਾ ਲੌਕਡਾਊਨ ਲਗਾਏ ਜਾਣ ਕਰਕੇ ਹਜ਼ਾਰਾਂ ਵਿਦੇਸ਼ੀ ਨਾਗਰਿਕ ਇਥੇ ਫਸ ਗਏ ਸਨ। ਗ੍ਰਹਿ ਮੰਤਰਾਲੇ ਨੇ ਕਿਸੇ ਵੀ ਦੁਬਿਧਾ ਨੂੰ ਦੂਰ ਕਰਨ ਲਈ 28 ਮਾਰਚ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਕੌਂਸੁਲਰ ਸੇਵਾਵਾਂ ਤਕ ਪਹੁੰਚ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਪਹਿਲਾਂ ਸਰਕਾਰ ਨੇ ਕਰੋਨਾਵਾਇਰਸ ਕਰਕੇ ਮੁਲਕ ’ਚ ਫਸੇ ਵਿਦੇਸ਼ੀਆਂ ਦੇ ਵੀਜ਼ੇ 15 ਅਪਰੈਲ ਤਕ ਵਧਾ ਦਿੱਤੇ ਸਨ। ਮੁਲਕ ’ਚ ਲੌਕਡਾਊਨ 30 ਅਪਰੈਲ ਤਕ ਵਧਾਏ ਜਾਣ ਦੀ ਸੰਭਾਵਨਾ ਕਰਕੇ ਵਿਦੇਸ਼ੀਆਂ ਨੂੰ ਵੀਜ਼ੇ ’ਚ ਛੋਟ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਹ ਵੀ ਸੰਕੇਤ ਗਿਆ ਹੈ ਕਿ 25 ਮਾਰਚ ਤੋਂ ਰੱਦ ਕੌਮਾਂਤਰੀ ਉਡਾਣਾਂ ਵੀ 30 ਅਪਰੈਲ ਤੋਂ ਪਹਿਲਾਂ ਨਹੀਂ ਸ਼ੁਰੂ ਹੋਣਗੀਆਂ।