ਸਮਾਜਿਕ ਜ਼ਿੰਮੇਵਾਰੀ ਨਾਲ ਮਨਾਈ ਵਿਸਾਖੀ

0
990

ਤਲਵੰਡੀ ਸਾਬੋ: ਮਾਲਵੇ ਵਿੱਚ ਸਥਿਤ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ’ਚ ਹਰ ਸਾਲ ਲੱਗਣ ਵਾਲੇ ਪ੍ਰਸਿੱਧ ਵਿਸਾਖੀ ਮੇਲੇ ਨੂੰ ਕਰੋਨਾ ਮਹਾਮਾਰੀ ਕਰਕੇ ਇਤਿਹਾਸ ਵਿੱਚ ਪਹਿਲੀ ਵਾਰ ਗ੍ਰਹਿਣ ਲੱਗ ਗਿਆ। ਅੱਜ ਵਿਸਾਖੀ ਵਾਲੇ ਦਿਨ ਚਾਰ ਚੁਫ਼ੇਰੇ ਸੁੰਨ ਪਸਰੀ ਦੇਖੀ ਗਈ ਅਤੇ ਕੋਈ ਵਿਰਲਾ-ਵਿਰਲਾ ਸ਼ਰਧਾਲੂ ਆਉਂਦਾ ਦਿਸਿਆ। ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸਾਹਿਬ ਵਿਖੇ ਸਾਦੇ ਧਾਰਮਿਕ ਸਮਾਗਮ ਕੀਤੇ ਗਏ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੰਘ ਸਾਹਿਬਾਨ ਨਾਲ ਵਿਚਾਰਾਂ ਕਰਕੇ ਕੌਮ ਨੂੰ ਇਸ ਵਾਰ ਵਿਸਾਖੀ ਮੌਕੇ ਵੱਡੇ ਇਕੱਠ ਨਾ ਕਰਨ ਅਤੇ ਸੰਗਤਾਂ ਨੂੰ ਆਪਣੇ ਘਰਾਂ ਵਿੱਚ ਹੀ ਪਾਠ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਛਿਆਨਵੇਂ ਕਰੋੜੀ ਸ਼੍ਰੋਮਣੀ ਅਕਾਲੀ ਬੁੱਢਾ ਦਲ (ਨਿਹੰਗ ਸਿੰਘ) ਦੇ ਮੁੱਖ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਵੀ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੂੰ ਆਦੇਸ਼ ਜਾਰੀ ਕੀਤਾ ਸੀ ਕਿ ਕਰੋਨਾ ਕਾਰਨ ਉਹ ਆਪਣੇ-ਆਪਣੇ ਪੜਾਵਾਂ ’ਤੇ ਹੀ ਵਿਸਾਖੀ ਦਾ ਦਿਹਾੜਾ ਮਨਾਉਣ। ਸ਼ਹਿਰ ’ਚ ਮੇਲੇ ਵਰਗਾ ਕੋਈ ਸ਼ੋਰ-ਸ਼ਰਾਬਾ ਨਹੀਂ ਸੀ ਅਤੇ ਹਰ ਦੁਕਾਨ ਨੂੰ ਤਾਲੇ ਲੱਗੇ ਹੋਏ ਸਨ। ਅੱਜ ਸਵੇਰੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ’ਚ ਅਖੰਡ ਪਾਠ ਦੇ ਭੋਗ ਪਾਏ ਗਏ। ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਆਦੇਸ਼ ਜਾਰੀ ਕਰਦਿਆਂ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀ ਵਧਾਈ ਦਿੱਤੀ। ਉਨ੍ਹਾਂ ਸੰਗਤ ਨੂੰ ਵੱਖ-ਵੱਖ ਚੈਨਲਾਂ ’ਤੇ ਗੁਰੂ ਘਰਾਂ ਤੋਂ ਕੀਤੇ ਜਾ ਰਹੇ ਸਿੱਧੇ ਪ੍ਰਸਾਰਣ ਦਾ ਆਨੰਦ ਘਰਾਂ ਵਿੱਚ ਬੈਠ ਕੇ ਮਾਣਨ ਦਾ ਆਦੇਸ਼ ਦਿੱਤਾ। ਧਾਰਮਿਕ ਸਮਾਗਮਾਂ ਵਿੱਚ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਨਿਰਭੈ ਸਿੰਘ, ਭਾਈ ਜਰਨੈਲ ਸਿੰਘ ਅਤੇ ਭਾਈ ਸੁਖਜਿੰਦਰ ਸਿੰਘ ਬਾਬਾ ਬਕਾਲਾ ਨੇ ਗੁਰੂ ਜਸ ਕੀਰਤਨ ਕੀਤਾ ਜਦਕਿ ਕਥਾ ਵਾਚਕ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਕਥਾ ਵਿਖਿਆਨ ਕੀਤਾ। ਗੁਰੂ ਘਰ ਨੂੰ ਆਉਣ ਵਾਲੇ ਰਸਤਿਆਂ ’ਤੇ ਨਾਕਾਬੰਦੀ ਕਰਕੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਡਾਕਟਰਾਂ ਦੀ ਟੀਮ ਵੱਲੋਂ ਮੱਥਾ ਟੇਕਣ ਜਾਣ ਵਾਲੇ ਹਰ ਸ਼ਰਧਾਲੂ ਦੀ ਮੁੱਢਲੀ ਜਾਂਚ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਸੈਨੇਟਾਈਜ਼ਰ ਨਾਲ ਉਨ੍ਹਾਂ ਦੇ ਹੱਥ ਸਾਫ਼ ਕਰਵਾਏ ਗਏ। ਗੁਰਦੁਆਰਿਆਂ ਦੇ ਅੰਦਰ ਅਤੇ ਬਾਹਰ ਸੇਵਾਦਾਰਾਂ ਵੱਲੋਂ ਦਿੱਤੀ ਜਾ ਰਹੀ ਡਿਊਟੀ ਦੌਰਾਨ ਮੱਥਾ ਟੇਕਣ ਸਮੇਂ ਸ਼ਰਧਾਲੂਆਂ ਦੀ ਦੂਰੀ ਬਣਾ ਕੇ ਰੱਖੀ ਗਈ।