ਕੈਨੇਡਾ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ

0
1091

ਟੋਰਾਂਟੋ: ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਤੋਂ ਬਾਅਦ ਵਿਦੇਸ਼ੀ ਕਾਮਿਆਂ ਨੂੰ ਬਾਇਓਮੈਟ੍ਰਿਕ ਦੀ ਰਾਹਤ ਦੇਣ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੀ ਵੱਡੀ ਚਿੰਤਾ ਵੀ ਖ਼ਤਮ ਕੀਤੀ ਹੈ। ਕੈਨੇਡਾ ‘ਚ ਪੁੱਜ ਚੁੱਕੇ ਅਤੇ ਆਪਣੀ ਪੜ੍ਹਾਈ ਦੌਰਾਨ ਨੌਕਰੀ ਕਰਕੇ (ਬੀਤੇ ੧ ਸਾਲ ਦੌਰਾਨ ਘੱਟੋ-ਘੱਟ ੫੦੦੦ ਡਾਲਰ) ਆਮਦਨ ਕਮਾ ਚੁੱਕੇ ਵਿਦੇਸ਼ੀ ਵਿਦਿਆਰਥੀ ਵੀ ਹੋਰ ਕੈਨੇਡਾ ਵਾਸੀਆਂ ਵਾਂਗ ਕੋਵਿਡ-੧੯ ਮਹਾਂਮਾਰੀ ਕਰਕੇ ਸਰਕਾਰ ਵਲੋਂ ਹਰੇਕ ਮਹੀਨੇ ਦਿੱਤੇ ਜਾਂਦੇ ੨੦੦੦ ਡਾਲਰ ਕਲੇਮ ਕਰਨ ਲਈ ਮਜਬੂਰ ਹੋਏ ਸਨ। ਉਨ੍ਹਾਂ ਵਿਦਿਆਰਥੀਆਂ ਵਾਸਤੇ ਵੱਡੀ ਚਿੰਤਾ ਸੀ ਕਿ ਇਸ ਨਾਲ ਭਵਿੱਖ ਵਿਚ ਉਨ੍ਹਾਂ ਦੀ ਓਪਨ ਵਰਕ ਪਰਮਿਟ ਤੇ ਪਰਮਾਨੈਂਟ ਰੈਜੀਡੇਂਟ (ਪੀ.ਆਰ.) ਅਰਜੀ ‘ਚ ਕਾਨੂੰਨੀ ਅੜਚਣਾਂ ਪੈਦਾ ਹੋ ਜਾਣਗੀਆਂ। ਇਸ ਬਾਰੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਸਪੱਸ਼ਟ ਕੀਤਾ ਹੈ ਕਿ ਕੋਵਿਡ-੧੯ ਦੀ ਸਰਕਾਰ ਵਲੋਂ ਦਿੱਤੀ ਰਾਹਤ (ਬੈਨੀਫਿਟ) ਕਾਰਨ ਵਿਦੇਸ਼ੀ ਵਿਦਿਆਰਥੀਆਂ ਦਾ ਨੁਕਸਾਨ ਨਹੀਂ ਹੋਵੇਗਾ। ਉਹ ਪੜ੍ਹਾਈ ਪੂਰੀ ਕਰਕੇ ਆਮ ਵਾਂਗ ਆਪਣੇ ਓਪਨ ਵਰਕ ਪਰਮਿਟ ਤੇ ਪੀ.ਆਰ. ਅਪਲਾਈ ਕਰ ਸਕਣਗੇ ਪਰ ਸਰਕਾਰੀ ਰਿਕਾਰਡ ਮੁਤਾਬਿਕ ਜਿਨ੍ਹਾਂ ਵਿਦਿਆਰਥੀਆਂ ਨੇ ਬੀਤੇ ੧ ਸਾਲ ਦੌਰਾਨ ਕੈਨੇਡਾ ਵਿਖੇ ਨੌਕਰੀ ਕਰਕੇ ਕਮਾਈ ਕਰਨ ਤੋਂ ਬਿਨਾਂ ਤਾਲਾਬੰਦੀ ਦੌਰਾਨ ਸਰਕਾਰ ਤੋਂ ੨੦੦੦ ਡਾਲਰ ਪ੍ਰਤੀ ਮਹੀਨਾ ਲਏ ਹਨ, ਉਨ੍ਹਾਂ ਨੂੰ ਉਹ ਸਾਰੇ ਡਾਲਰ (ਵੱਡੇ ਜੁਰਮਾਨੇ ਸਮੇਤ) ਮੋੜਨੇ ਵੀ ਪੈਣਗੇ ਤੇ ਕ੍ਰਿਮੀਨਲ ਕੋਡ ਨਾਲ ਇਮੀਗ੍ਰੇਸ਼ਨ ਦੀਆਂ ਕਾਨੂੰਨੀ ਪੇਚੀਦਗੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਸਥਿਤੀ ‘ਚ ਉਹ ਵਿਦੇਸ਼ੀ ਵਿਦਿਆਰਥੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਸਕਦੇ ਹਨ ਜਿਨ੍ਹਾਂ ਦਾ ਸਟੱਡੀ ਵੀਜ਼ਾ ਲੱਗਾ ਹੋਇਆ ਹੈ ਪਰ ਉਹ ਕੋਵਿਡ-੧੯ ਦੀਆਂ ਰੁਕਾਵਟਾਂ ਕਾਰਨ ਕੈਨੇਡਾ ਨਹੀਂ ਪੁੱਜ ਸਕੇ। ਦਸੰਬਰ ੨੦੨੦ ਤੋਂ ਪਹਿਲਾਂ ਉਨ੍ਹਾਂ ਨੂੰ ਕੈਨੇਡਾ ਪੁੱਜ ਕੇ ਆਪਣਾ ਸਟੱਡੀ ਪਰਮਿਟ ਲੈਣਾ ਪਵੇਗਾ ਅਤੇ ਆਪਣੇ ਵਿੱਦਿਅਕ ਅਦਾਰੇ ‘ਚ ਜਾ ਕੇ ਪੜ੍ਹਨਾ ਪਵੇਗਾ ਤਾਂ ਕਿ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਓਪਨ ਵਰਕ ਪਰਮਿਟ ਦੀ ਅਰਜੀ ‘ਚ ਰੁਕਾਵਟ ਨਾ
ਪਵੇ।
ਵਿਦੇਸ਼ਾਂ ‘ਚ ਜੋ ਵਿਦਿਆਰਥੀ ਕੈਨੇਡਾ ਦਾ ਸਟੱਡੀ ਵੀਜ਼ਾ ਲਏ ਬਿਨਾਂ ਆਨਲਾਈਨ ਪੜ੍ਹਾਈ ਸ਼ੁਰੂ ਕਰਨਗੇ ਉਨ੍ਹਾਂ ਦੀ ਪੜ੍ਹਾਈ ਨੂੰ ਕੈਨੇਡਾ ਦੇ ਓਪਨ ਵਰਕ ਪਰਮਿਟ ਲਈ ਯੋਗ ਨਹੀਂ ਮੰਨਿਆ ਜਾਵੇਗਾ। ਆਮ ਹਾਲਾਤ ‘ਚ ਕੈਨੇਡਾ ‘ਚ ਆਪਣੀ ਪੱਕੀ ਸਥਾਪਿਤੀ ਦਾ ਰਾਹ ਪੱਧਰਾ ਕਰਨ ਵਾਸਤੇ ਵਿਦੇਸ਼ੀ ਵਿਦਿਆਰਥੀ ਦਾ ਕੈਨੇਡਾ ਵਿਚ ਜਾ ਕੇ (ਫੁੱਲ ਟਾਈਮ) ਪੜ੍ਹਨਾ ਜ਼ਰੂਰੀ ਹੈ ਪਰ ਹੁਣ ਕੋਰੋਨਾ ਵਾਇਰਸ ਕਾਰਨ ਕੁਝ ਕਾਨੂੰਨੀ ਢਿੱਲਾਂ ਦਿੱਤੀਆਂ ਜਾ ਰਹੀਆਂ ਹਨ। ਕੋਵਿਡ-੧੯ ਦੇ ਹਾਲਾਤ ਕਾਰਨ ਜੋ ਵਿਦਿਆਰਥੀਆਂ ਦਾ ਪੂਰਾ ਸਮੈਸਟਰ ਰੱਦ ਹੋ ਚੁੱਕਾ ਹੈ ਉਨ੍ਹਾਂ ਵਾਸਤੇ (ਸਮੈਸਟਰ ਕੈਂਸਲ ਹੋਣ ਤੋਂ) ੫ ਮਹੀਨੇ ਅੰਦਰ ਪੜ੍ਹਾਈ ਦੁਬਾਰਾ ਸ਼ੁਰੂ ਕਰਨਾ ਲਾਜ਼ਮੀ ਹੈ। ਅਗਰ ਅਜਿਹਾ ਨਾ ਕਰ ਸਕੇ ਤਾਂ ਉਨ੍ਹਾਂ ਦਾ ਸਟੱਡੀ ਪਰਮਿਟ ਰੱਦ ਹੋ ਜਾਵੇਗਾ ਅਤੇ ਜਿਸ ਦਾ ਨਤੀਜਾ ਸਵਦੇਸ਼ ਮੁੜਨਾ ਹੋ ਸਕਦਾ ਹੈ।