ਘਰਾਂ ਦੀਆਂ ਵੱਧਦੀਆਂ ਕੀਮਤਾਂ ਦੇ ਸੰਕਟ ਨਾਲ ਨਜਿੱਠ ਰਹੇ ਹਾਂ ਤਾਂ ਕਿ ਲੋਕ ਇੱਕ ਐਸੀ ਥਾਂ ਜੁਟਾ ਸਕਣ, ਜਿਸਨੂੰ ਉਹ ਘਰ ਕਹਿੰਦੇ ਹਨ

0
1895

ਜਦ ੧੫ ਮਹੀਨੇ ਪਹਿਲਾਂ ਸਾਡੀ ਸਰਕਾਰ ਅਧਿਕਾਰ ਵਿੱਚ ਆਈ ਤਾਂ ਅਸੀਂ ਬੀ.ਸੀ. ਦੇ ਇਤਿਹਾਸ ਦੇ ਸਭ ਤੋਂ ਵੱਡੀ ਚੁਨੌਤੀ ਦਾ ਸਾਹਮਣਾ ਕੀਤਾ-ਘਰਾਂ ਦੀਆ ਵੱਧਦੀਆਂ ਕੀਮਤਾਂ ਦਾ ਸੰਕਟ। ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਨੌਜਵਾਨ ਪਰਿਵਾਰ, ਬਜ਼ੁਰਗ, ਵਿਦਿਆਰਥੀ ਅਤੇ ਵਪਾਰਾਂ ਦੇ ਮਾਲਕ, ਜੋ ਹੁਨਰਮੰਦ ਕਾਮਿਆਂ ਨੂੰ ਰੱਖਣਾ ਚਾਹੁੰਦੇ ਹਨ, ਘਰਾਂ ਦਾ ਸੰਕਟ ਹਰ ਕਿਸੇ ਲਈ ਨੁਕਸਾਨਦੇਹ ਹੈ।
ਲੰਮੇਂ ਸਮੇਂ ਤੋਂ ਪੁਰਾਣੀ ਸਰਕਾਰ ਨੇ ਸੂਬੇ ਭਰ ਵਿੱਚ ਫੈਲ ਰਹੇ ਇਸ ਸੰਕਟ ਨੂੰ ਨਜ਼ਰਅੰਦਾਜ਼ ਕੀਤਾ। ਉਹਨਾਂ ਨੇ ਸੱਟੇਬਾਜ਼ਾਂ ਦੀਆਂ ਚੋਰ-ਮੌਰੀਆਂ ਦੀ ਦੁਰਵਰਤੋਂ ਨੂੰ ਵਧਣ ਦਿੱਤਾ ਅਤੇ ਅਸਮਾਨੀ ਚੜ੍ਹ ਰਹੀਆਂ ਘਰਾਂ ਦੀਆਂ ਕੀਮਤਾਂ ਨੂੰ ਭੜਕਾਇਆ। ਘਰਾਂ ਦੀਆਂ ਵੱਧਦੀਆਂ ਕੀਮਤਾ ਦਾ ਸੰਕਟ ਤੀਬਰਤਾ ਨਾਲ ਬੇਕਾਬੂ ਹੋ ਗਿਆ। ਹੁਣ ਸਾਡੇ ਕੋਲ ਕੈਨੇਡਾ ਵਿੱਚ ਨਾਂ ਮਾਤਰ ਵੇਕੈਂਸੀ ਰੇਟ ਅਤੇ ਬਿਲਕੁਲ ਨਾ ਪੁੱਜਣਯੋਗ ਘਰਾਂ ਦੀਆਂ ਕੀਮਤਾਂ ਹਨ।
ਅਸੀਂ ਘਰਾਂ ਦੀਆ ਕੀਮਤਾਂ ਦੇ ਸੰਕਟ ਨੂੰ ਸਿੱਧੇ ਤੌਰ ਤੇ ਨਜਿੱਠ ਰਹੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਕਿ ਬੀ.ਸੀ. ਵਿੱਚ ਰਹਿਣ ਅਤੇ ਕੰੰਮ ਕਰਨ ਵਾਲੇ ਲੋਕ ਇੱਕ ਐਸੀ ਥਾਂ ਖਰੀਦਣ ਦੇ ਹੱਕਦਾਰ ਹਨ, ਜਿਸਨੂੰ ਉਹ ਘਰ ਕਹਿ ਸਕਣ। ਸਾਡੀ ਸਰਕਾਰ ਬੀ.ਸੀ. ਦੇ ਇਤਿਹਾਸ ਵਿੱਚ ਕਫਾਇਤੀ ਘਰਾਂ ਵਿੱਚ ਸਭ ਤੋਂ ਵੱਡਾ ਨਿਵੇਸ਼ ਕਰ ਰਹੀ ਹੈ-ਜਿਸ ਵਿੱਚ ਮੱਧ ਵਰਗੀ ਆਮਦਨ ਵਾਲੇ ਪਰਿਵਾਰਾਂ ਲਈ ਕਫਾਇਤੀ ਕਿਰਾਏ ਵਾਲੀਆਂ ਰਿਹਾਇਸ਼ਾਂ, ਵਿਦਿਆਰਥੀਆਂ, ਮੂਲਵਾਸੀਆਂ ਅਤੇ ਬਜ਼ੁਰਗਾਂ ਲਈ ਰਿਹਾਇਸ਼ ਸ਼ਾਮਲ ਹੈ।
ਅਸੀਂ ਘਰਾਂ ਦੇ ਬਾਜ਼ਾਰ ਵਿੱਚ ਹੋ ਰਹੀ ਧੋਖਾਧੜੀ ਅਤੇ ਸੱਟੇਬਾਜ਼ੀ ਨੂੰ ਠੱਲ ਪਾਉਣ ਲਈ ਵੀ ਮਜ਼ਬੂਤ ਕਦਮ ਉਠਾਏ ਹਨ। ਅਨੁਮਾਨਿਤ ਕਰ (ਸਪੈਕੂਲੇਸ਼ਨ ਟੈਕਸ) ਇਸੇ ਯੋਜਨਾ ਦਾ ਮੁੱਖ ਹਿੱਸਾ ਹੈ ਅਤੇ ਘਰਾਂ ਦੇ ਬਾਜ਼ਾਰ ਨੂੰ ਕਾਬੂ ਰੱਖਣ ਲਈ ਵੀ ਜ਼ਰੂਰੀ ਹੈ ਅਤੇ ਇਸਨੇ ਕੰੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਆਰ.ਬੀ.ਸੀ., ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਅਤੇ ਸੋਦਬੀਜ਼ ਵਰਗੇ ਮਾਹਿਰਾਂ ਦੇ ਅਨੁਸਾਰ ਸੂਬੇ ਵੱਲੋਂ ਸ਼ੁਰੂ ਕੀਤੇ ਅਨੁਮਾਨਿਤ ਕਰ, ਵੇਕੈਨਸੀ ਕਰ ਅਤੇ ਹੋਰ ਮਾਪਦੰਡ ਕੀਮਤਾਂ ਅਤੇ ਕਿਰਾਏ ਨੂੰ ਕਾਬੂ ਕਰਨ ਅਤੇ ਘਰਾਂ ਦੇ ਬਾਜ਼ਾਰ ਨੂੰ ਠੰਡਾ ਕਰਨ ਵਿੱਚ ਮਦਦ ਕਰ ਰਹੇ ਹਨ। ਇਸ ਕਰ ਨੂੰ ਬੀ.ਸੀ. ਦੇ ਲੋਕਾਂ ਵੱਲੋਂ ਵੀ ਭਰਵਾਂ ਸਹਿਯੋਗ ਮਿਲ ਰਿਹਾ ਹੈ। ਹਾਲ ਹੀ ਵਿੱਚ ਹੋਏ ਸਰਵੇਖਣ ਦਰਸਾਉਂਦੇ ਹਨ ਕਿ ਅਨੁਮਾਨਿਤ ਕਰ ਲਈ ਲੋਕਾਂ ਦਾ ਸਹਿਯੋਗ ੭੭-੮੮% ਦੇ ਵਿਚਕਾਰ ਹੈ।
ਕੋਈ ਵੀ ਵਿਅਕਤੀ ਆਪਣੇ ਘਰ ਨੂੰ ਸਾਲ ਵਿੱਚ ਘੱਟੋ-ਘੱਟ ਛੇ ਮਹੀਨੇ ਕਿਰਾਏ ‘ਤੇ ਦੇ ਕੇ ਇਸ ਕਰ ਤੋਂ ਬਚ ਸਕਦਾ ਹੈ। ਇਹ ਅਨੁਮਾਨ ਕੀਤਾ ਜਾ ਰਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ੯੯% ਨਿਵਾਸੀ ਇਹ ਕਰ ਅਦਾ ਨਹੀਂ ਕਰਨਗੇ ਅਤੇ ਅਦਾ ਕਰਨ ਵਾਲੇ ਸਿਰਫ਼ ਉਹ ਹਨ ਜੋ ਉਹਨਾਂ ਖੇਤਰਾਂ ਵਿੱਚ ਖਾਲੀ ਘਰਾਂ ਦੇ ਮਾਲਕ ਹਨ ਜਿੱਥੇ ਘਰਾਂ ਦੇ ਸੰਕਟ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ।
ਸਾਡਾ ਮੰਨਣਾ ਹੈ ਕਿ ਉਹਨਾਂ ਖੁਸ਼ਕਿਸਮਤ ਲੋਕਾਂ ਨੂੰ, ਜੋ ਕਈ ਘਰਾਂ ਦੇ ਮਾਲਕ ਹਨ, ਇੱਹ ਪੁੱਛਣਾ ਜ਼ਾਇਜ਼ ਹੈ ਕਿ ਜਾਂ ਤਾਂ ਉਹ ਘਰ ਕਿਰਾਏ ‘ਤੇ ਦੇ ਦੇਣ ਜਾਂ ਫੇਰ ਵਧੇਰੇ ਕਫਾਇਤੀ ਘਰਾਂ ਦੇ ਨਿਰਮਾਣ ਵਿੱਚ ਮਦਦ ਲਈ ਅਨੁਮਾਨਿਤ ਕਰ ਅਦਾ ਕਰਨ। ਬੀ.ਸੀ. ਦੇ ਜ਼ਿਆਦਾਤਰ ਲੋਕ ਇਸ ਨਾਲ ਸਹਿਮਤ ਹਨ।
ਘਰਾਂ ਦਾ ਸੰਕਟ ਰਾਤੋ-ਰਾਤ ਪੈਦਾ ਨਹੀਂ ਹੋਇਆ ਅਤੇ ਨਾ ਹੀ ਇਹ ਰਾਤੋ-ਰਾਤ ਹੱਲ ਹੋਵੇਗਾ। ਬੀ.ਸੀ. ਦੇ ਲੋਕ ਇੱਕ ਐਸੀ ਥਾਂ ਜੁਟਾਉਣ ਦੇ ਯੋਗ ਹੋਣੇ ਚਾਹੀਦੇ ਹਨ, ਜਿਸਨੂੰ ਉਹ ਘਰ ਕਹਿ ਸਕਣ ਅਤੇ ਉਹਨਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਦੇ ਨਿਰਮਾਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਅਸੀਂ ਸੂਬੇ ਭਰ ਵਿੱਚ ਘਰਾਂ ਦੀਆਂ ਵੱਧਦੀਆਂ ਕੀਮਤਾ ਦੇ ਸੰਕਟ ਨਾਲ ਨਜਿੱਠ ਰਹੇ ਹਾਂ ਅਤੇ ਜ਼ਿੰਦਗੀ ਨੂੰ ਵਧੇਰੇ ਕਫਾਇਤੀ ਬਣਾਉਣ, ਲੋਕਾਂ ਦੀਆਂ ਭਰੋਸੇਯੋਗ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਮਜ਼ਬੂਤ ਚਿਰਸਥਾਈ ਆਰਥਿਕਤਾ ਦਾ ਨਿਰਮਾਣ ਕਰਨ ਲਈ ਵੀ ਸਖ਼ਤ ਮਿਹਨਤ ਕਰ ਰਹੇ ਹਾਂ। ਬੀ.ਸੀ. ਵਿੱਚ ਹਰ ਕਿਸੇ ਲਈ ਬਿਹਤਰ ਭਵਿੱਖ ਦਾ ਨਿਰਮਾਣ ਕਰਨ ਦਾ ਇਹ ਇੱਕ ਹਿੱਸਾ ਹੈ।
ਜੌਨ੍ਹ ਹੌਰਗਨ, ਪੀ੍ਰਮੀਅਰ ਆਫ ਬ੍ਰਿਟਿਸ਼ ਕੋਲੰਬੀਆ