ਤਬਲੀਗੀ ਸਮਾਗਮ ਪਿਛੋਂ ਭਾਰਤ ਭਰ ‘ਚ ਦਹਿਸ਼ਤ

0
999

ਦਿੱਲੀ: ਦੱਖਣੀ ਦਿੱਲੀ ਦੇ ਨਿਜਾਮੂਦੀਨ ਸਥਿਤ ਮਰਕਜ ਵਿੱਚੋਂ ਬਾਹਰ ਕੱਢੇ ਵਿਅਕਤੀਆਂ ‘ਚੋਂ ੨੪ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਤੇ ਧਾਰਮਿਕ ਇਕੱਤਰਤਾ ‘ਚ ਸ਼ਾਮਲ ਲੋਕਾਂ ਦੀ ਪਿਛਲੇ ਦਿਨਾਂ ‘ਚ ਹੋਈ ਮੌਤ ਮਗਰੋਂ ਮਰਕਜ਼ ਦੇ ਮੌਲਾਨਾ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਗਈ ਹੈ। ਇਸ ਦੌਰਾਨ ਸਰਕਾਰ ਨੇ ਮੱਧ ਮਾਰਚ ਵਿੱਚ ਕੌਮੀ ਰਾਜਧਾਨੀ ਦੇ ਨਿਜਾਮੂਦੀਨ ਖੇਤਰ ਵਿੱਚ ਹੋਈ ਇਸ ਵੱਡੀ ਧਾਰਮਿਕ ਇਕੱਤਰਤਾ ‘ਚ ਸ਼ਮੂਲੀਅਤ ਕਰਨ ਵਾਲਿਆਂ ਦਾ ਖੁਰਾ-ਖੋਜਾ ਲਾਉਣ ਲਈ ਦੇਸ਼ ਪੱਧਰੀ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਹੈ। ਜਾਣਕਾਰੀ ਅਨੁਸਾਰ ਨਿਜਾਮੂਦੀਨ ਵਿੱਚ ਹੋਏ ਤਬਲੀਗੀ ਜਮਾਤ ਦੇ ਇਸ ਇਕੱਠ ਵਿੱਚ ਹਜਾਰਾਂ ਲੋਕ ਸ਼ਾਮਲ ਹੋਏ ਸਨ, ਜੋ ਮਗਰੋਂ ਤਿਲੰਗਾਨਾ, ਪੱਛਮੀ ਬੰਗਾਲ, ਕਰਨਾਟਕ ਤੇ ਗੁਜਰਾਤ ਸਮੇਤ ਹੋਰਨਾਂ ਰਾਜਾਂ ਵਿੱਚ ਪਰਤ ਗਏ। ਹੁਣ ਇਨ੍ਹਾਂ ਰਾਜਾਂ ਵਿੱਚ ਮਿਲੇ ਕੋਵਿਡ-੧੯ ਕੇਸਾਂ ਨੂੰ ਤਬਲੀਗੀ ਜਮਾਤ ਨਾਲ ਜੋੜ ਕੇ ਵੇਖਿਆ ਜਾ ਰਿਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਸਾਲ ‘ਤਬਲੀਗ’ ਵੱਲੋਂ ਕਰਵਾਈਆਂ ਸਰਗਰਮੀਆਂ ਵਿੱਚ ੨੧੦੦ ਦੇ ਕਰੀਬ ਵਿਦੇਸ਼ੀਆਂ ਨੇ ਸ਼ਿਰਕਤ ਕੀਤੀ ਹੈ ਤੇ ਇਨ੍ਹਾਂ ਵਿੱਚੋਂ ਬਹੁਤੇ ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਨੇਪਾਲ, ਮਿਆਂਮਾਰ, ਬੰਗਲਾਦੇਸ਼, ਸ੍ਰੀਲੰਕਾ ਤੇ ਕਿਰਗਿਜਸਤਾਨ ਨਾਲ ਸਬੰਧਤ ਸਨ। ਮੰਤਰਾਲੇ ਨੇ ਕਿਹਾ ਕਿ ਸਾਰੇ ਰਾਜਾਂ ਦੀ ਪੁਲੀਸ ਨੂੰ ਮੁਕਾਮੀ ਕੋਆਰਡੀਨੇਟਰਾਂ ਵਿੱਚੋਂ ਭਾਰਤੀ ਤਬਲੀਗ ਜਮਾਤ ਦੇ ਵਰਕਰਾਂ ਦੀ ਪਛਾਣ ਕਰਨ ਲਈ ਆਖ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਹੁਣ ਤਕ ੨੧੩੭ ਅਜਿਹੇ ਲੋਕਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਦਾ ਮੈਡੀਕਲ ਮੁਆਇਨਾ ਕਰਵਾਉਣ ਮਗਰੋਂ ਇਕਾਂਤਵਾਸ ‘ਚ ਭੇਜ ਦਿੱਤਾ ਗਿਆ ਹੈ। ਕਈਆਂ ਦੀ ਸ਼ਨਾਖਤ ਅਜੇ ਬਾਕੀ ਹੈ। ਪੱਛਮੀ ਬੰਗਾਲ, ਅਸਾਮ ਤੇ ਮਨੀਪੁਰ ਸਮੇਤ ਹੋਰਨਾਂ ਰਾਜ ਸਰਕਾਰਾਂ ਨੇ ਨਿਜਾਮੂਦੀਨ ਸਮਾਗਮ ‘ਚ ਸਾਮਲ ਲੋਕਾਂ ਦੀ ਪਛਾਣ ਲਈ ਮੁਹਿੰਮ ਵਿੱਢ ਦਿੱਤੀ ਹੈ। ਕਰਨਾਟਕ ਤੇ ਹਿਮਾਚਲ ਪ੍ਰਦੇਸ਼ ਤੋਂ ਕ੍ਰਮਵਾਰ ੫੪ ਤੇ ੧੭ ਲੋਕਾਂ ਦੇ ਧਾਰਮਿਕ ਇਕੱਤਰਤਾ ‘ਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਹਨ। ਉਧਰ ਗੁਜਰਾਤ ਪੁਲੀਸ ਨੇ ਕਿਹਾ ਕਿ ਭਾਵਨਗਰ ਤੋਂ ਕੁਝ ਲੋਕ ਉਕਤ ਸਮਾਗਮ ‘ਚ ਸ਼ਾਮਲ ਹੋਏ ਸੀ। ਤਿਲੰਗਾਨਾ ਨਾਲ ਸਬੰਧਤ ਛੇ ਲੋਕਾਂ, ਜਿਨ੍ਹਾਂ ਤਬਲੀਗੀ ਜਮਾਤ ਦੇ ਇਕੱਠ ‘ਚ ਸ਼ਮੂਲੀਅਤ ਕੀਤੀ ਸੀ, ਦੀ ਸੋਮਵਾਰ ਨੂੰ ਮੌਤ ਹੋ ਗਈ ਸੀ। ਇਸ ਦੌਰਾਨ ਆਂਧਰਾ ਪ੍ਰਦੇਸ਼ ਵਿੱਚ ਅੱਧੇ ਨਾਲੋਂ ਵਧ ਕਰੋਨਾ ਪੀੜਤ ਵਿਅਕਤੀ ਵੀ ਇਸੇ ਸਮਾਗਮ ਤੋਂ ਪਰਤੇ ਹਨ। ਦੱਖਣੀ ਦਿੱਲੀ ਦੇ ਨਿਜ਼ਾਮੂਦੀਨ ਸਥਿਤ ਮਰਕਜ ਵਿੱਚੋਂ ਲੰਘੇ ਦਿਨ ਬਾਹਰ ਕੱਢੇ ੧੫੦੦ ਤੋਂ ਵੱਧ ਲੋਕਾਂ ਵਿੱਚੋਂ ੨੪ ਵਿਅਕਤੀਆਂ ਨੂੰ ਕਰੋਨਾਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ ਵਿੱਚੋਂ ੩੩੪ ਵਿਅਕਤੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਜਦੋਂਕਿ ੭੦੦ ਦੇ ਕਰੀਬ ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੰਘੇ ਦਿਨ ਉਪ ਰਾਜਪਾਲ ਨੂੰ ਇਕ ਪੱਤਰ ਲਿਖ ਕੇ ਮਰਕਜ ਖਿਲਾਫ ਕਾਰਵਾਈ ਲਈ ਕਿਹਾ ਸੀ।
-ਧਾਰਮਿਕ ਇਕੱਤਰਤਾ ‘ਚ ਪੰਜਾਬ ਤੋਂ ਵੀ ੯ ਲੋਕ ਸ਼ਾਮਲ ਹੋਏ
ਨਿਜ਼ਾਮੂਦੀਨ ਸਥਿਤ ਮਰਕਜ਼ ਵਿੱਚ ਪਿਛਲੇ ਦਿਨਾਂ ਵਿੱਚ ਹੋਈ ਧਾਰਮਿਕ ਇਕੱਤਰਤਾ ਵਿੱਚ ਪੰਜਾਬ ਤੋਂ ੯ ਲੋਕ ਸ਼ਾਮਲ ਹੋਏ ਸਨ। ਪੰਜਾਬ ਵਿੱਚ ਪਹਿਲਾਂ ਹੀ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ। ਪੰਜਾਬ ਸਰਕਾਰ ਲਈ ਇਨ•ਾਂ ੯ ਲੋਕਾਂ ਦੀ ਪਛਾਣ ਕਰਕੇ ਉਨ•ਾਂ ਦੀ ਜਾਂਚ ਕਰਵਾਉਣਾ ਕੋਈ ਸੌਖਾ ਕੰਮ ਨਹੀਂ ਹੋਵੇਗਾ।