ਰਾਜ ਸਭਾ ਮੈਂਬਰ ਸੁਨੇਤਰਾ ਪਵਾਰ ਸ਼ਨਿੱਚਰਵਾਰ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲੈ ਸਕਦੇ ਹਨ। ਐੱਨਸੀਪੀ ਵਿਚਲੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੇ ਮਰਹੂਮ ਪਤੀ ਅਜੀਤ ਪਵਾਰ ਦੀ ਥਾਂ ਲੈਣਗੇ। ਸੂਤਰਾਂ ਦੇ ਇਸ ਦਾਅਵੇ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਪਾਰਟੀ ਅਜੇ ਸੱਤਾਧਾਰੀ ਮਹਾਯੁਤੀ ਗੱਠਜੋੜ ਦਾ ਹਿੱਸਾ ਰਹੇਗੀ ਤੇ ਐੱਨਸੀਪੀ ਦੇ ਦੋਵਾਂ ਧੜਿਆਂ ਦੇ ਰਲੇਵੇਂ ਸਬੰਧੀ ਗੱਲਬਾਤ ਪਿੱਛੇ ਪੈ ਸਕਦੀ ਹੈ। ਸੁਨੇਤਰਾ ਪਵਾਰ ਰਾਜ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਹੋਵੇਗੀ। ਮਹਾਰਾਸ਼ਟਰ ਵਿਚ ਉਪ ਮੁੱਖ ਮੰਤਰੀ ਦਾ ਅਹੁਦਾ ਪਹਿਲੀ ਵਾਰ 1978 ਵਿੱਚ ਬਣਾਇਆ ਗਿਆ ਸੀ ਜਦੋਂ ਮਹਾਰਾਸ਼ਟਰ ਵਿੱਚ ਗੱਠਜੋੜ ਸਰਕਾਰ ਦਾ ਦੌਰ ਸ਼ੁਰੂ ਹੋਇਆ ਸੀ।
ਬੁੱਧਵਾਰ ਨੂੰ ਬਾਰਾਮਤੀ ਵਿੱਚ ਇੱਕ ਹਵਾਈ ਹਾਦਸੇ ਵਿੱਚ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਤ ਤੋਂ ਬਾਅਦ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਵਿਚਲੇ ਆਗੂਆਂ ਦੇ ਇੱਕ ਧੜੇ ਨੇ ਮੰਗ ਕੀਤੀ ਸੀ ਕਿ ਸੁਨੇਤਰਾ ਪਵਾਰ ਨੂੰ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਉਨ੍ਹਾਂ ਦੇ ਮਰਹੂਮ ਪਤੀ ਵਾਲਾ ਅਹੁਦਾ ਦਿੱਤਾ ਜਾਵੇ। ਇਕ ਸੂਤਰ ਨੇ ਕਿਹਾ, ‘‘ਭਲਕੇ (ਸ਼ਨਿੱਚਰਵਾਰ) ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ ਮੁੰਬਈ ਵਿੱਚ ਹੋਵੇਗੀ, ਜਿੱਥੇ ਸੁਨੇਤਰਾ ਪਵਾਰ ਨੂੰ ਐਨਸੀਪੀ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਵੇਗਾ। ਅਜਿਹੀ ਸੰਭਾਵਨਾ ਹੈ ਕਿ ਉਹ ਕੱਲ੍ਹ ਸ਼ਾਮ ਤੱਕ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲੈਣਗੇ।’’ ਉਧਰ ਨਾਗਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸੱਤਾਧਾਰੀ ਗੱਠਜੋੜ ਮਹਾਯੁਤੀ ਦੀ ਅਗਵਾਈ ਕਰਨ ਵਾਲੀ ਭਾਜਪਾ, ਮਰਹੂਮ ਅਜੀਤ ਪਵਾਰ ਦੇ ਪਰਿਵਾਰ ਅਤੇ ਪਾਰਟੀ (ਐੱਨਸੀਪੀ) ਵੱਲੋਂ ਲਏ ਗਏ ਕਿਸੇ ਵੀ ਫੈਸਲੇ ਦਾ ਸਮਰਥਨ ਕਰੇਗੀ।













