ਮਹਾਰਾਸ਼ਟਰ ਵਿੱਚ ਠਾਕਰੇ ਦਾ ਰਾਜ ਕਾਇਮ ਹੋਇਆ

0
998

ਮੁੰਬਈ: ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ (੫੯) ਨੇ ਮਹਾਰਾਸ਼ਟਰ ਦੇ ੧੮ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਮਨੋਹਰ ਜੋਸ਼ੀ ਅਤੇ ਨਾਰਾਇਣ ਰਾਣੇ ਮਗਰੋਂ ਠਾਕਰੇ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਣ ਵਾਲੇ ਸ਼ਿਵ ਸੈਨਾ ਦੇ ਤੀਜੇ ਆਗੂ ਹਨ। ਉਂਜ ਠਾਕਰੇ ਪਰਿਵਾਰ ‘ਚੋਂ ਉਹ ਪਹਿਲੇ ਆਗੂ ਹਨ ਜੋ ਮੁੱਖ ਮੰਤਰੀ ਬਣੇ ਹਨ। ਹਲਫ਼ ਲੈਣ ਮਗਰੋਂ ਸ੍ਰੀ ਠਾਕਰੇ ਸਿੱਧੀਵਿਨਾਇਕ ਮੰਦਰ ‘ਚ ਮੱਥਾ ਟੇਕਣ ਲਈ ਪਹੁੰਚੇ।
ਮੁੰਬਈ ਦੇ ਸ਼ਿਵਾਜੀ ਪਾਰਕ ‘ਚ ਹੋਏ ਸਮਾਗਮ ਦੌਰਾਨ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸ੍ਰੀ ਠਾਕਰੇ ਅਤੇ ਛੇ ਮੰਤਰੀਆਂ ਨੂੰ ਹਲਫ਼ ਦਿਵਾਇਆ। ਇਸ ਨਾਲ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਗੱਠਜੋੜ ਦੀ ਸਰਕਾਰ ਹੋਂਦ ‘ਚ ਆ ਗਈ
ਹੈ।
ਮਹਾਰਾਸ਼ਟਰ ਵਿਕਾਸ ਅਗਾੜੀ ਦੇ ਮੰਤਰੀਆਂ ਵਜੋਂ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ (ਸ਼ਿਵ ਸੈਨਾ), ਜਯੰਤ ਪਾਟਿਲ, ਛਗਨ ਭੁਜਬਲ (ਐੱਨਸੀਪੀ), ਬਾਲਾਸਾਹੇਬ ਥੋਰਾਟ ਅਤੇ ਨਿਤਿਨ ਰਾਊਤ (ਕਾਂਗਰਸ) ਨੇ ਹਲਫ਼ ਲਿਆ ਹੈ। ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾ ਸਕਦੀ ਹੈ।