ਐਬਟਸਫੋਰਡ: ਰਿਚਮੰਡ ਸਥਿਤ ਸੂਬਾਈ ਅਦਾਲਤ ਨੇ ਵੈਨਕੂਵਰ ਦੇ ਪੰਜਾਬੀ ਟਰੱਕ ਡਰਾਈਵਰ ਨੂੰ ੧੩੦੦ ਡਾਲਰ ਦਾ ਜੁਰਮਾਨਾ ਕੀਤਾ ਹੈ, ਤੇ ਤਿੰਨ ਮਹੀਨੇ ਤੱਕ ਉਹ ਡਰਾਈਵਿੰਗ ਨਹੀਂ ਕਰ ਸਕੇਗਾ। ਘਟਨਾ ੨੭ ਦਸੰਬਰ, ੨੦੧੭ ਦੀ ਹੈ, ਜਦੋਂ ਕੈਨੇਡਾ ਦੇ ਡਾਕ ਵਿਭਾਗ ਦਾ ਟਰੱਕ ਡਰਾਈਵਰ ਰਾਜਵਿੰਦਰ ਸਿੰਘ ਗੋਰਾਇਆ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ, ਤਾਂ ਰਿਚਮੰਡ ਦੀ ਗਾਰਡਨ ਸਿਟੀ ਰੋਡ ‘ਤੇ ਆਈਲੈਂਡ ਵੇਅ ਦੇ ਚੌਰਸਤੇ ‘ਤੇ ਭਾਰਤੀ ਮੂਲ ਦੀ ੨੭ ਸਾਲਾ ਐਸਥਰ ਸੀਤਾ ਐਂਥਨੀ ਰਾਜ ਨੂੰ ਟੱਕਰ ਮਾਰ ਦਿੱਤੀ, ਜੋ ਕਿ ਹਰੀ ਬੱਤੀ ਵਿਚ ਸੜਕ ਪਾਰ ਕਰ ਰਹੀ ਸੀ। ਗੰਭੀਰ ਸੱਟਾਂ ਲੱਗਣ ਕਾਰਨ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਹ ਦਮ ਤੋੜ ਗਈ ਸੀ। ਸੀਤਾ ਕੈਨੇਡਾ ‘ਚ ਨਰਸਿੰਗ ਦਾ ਕੋਰਸ ਕਰ ਰਹੀ ਸੀ। ਪੁਲਿਸ ਨੇ ਪ੍ਰੋਵਿੰਸਲ ਮੋਟਰ ਵਹੀਕਲ ਐਕਟ ਤਹਿਤ ਰਾਜਵਿੰਦਰ ਸਿੰਘ ਗੁਰਾਇਆ ਨੂੰ ਬੇਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ ਵਿਚ ਗਿ@ਫਤਾਰ ਕੀਤਾ ਸੀ। ਰਾਜਵਿੰਦਰ ਸਿੰਘ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ, ਤੇ ਘਟਨਾ ਵੇਲੇ ਉਸ ਨੇ ਨਾ ਤਾਂ ਕਿਸੇ ਵੀ ਤਰਾਂ ਦਾ ਕੋਈ ਨਸ਼ਾ ਕੀਤਾ ਸੀ ਅਤੇ ਨਾ ਹੀ ਉਸ ਦਾ ਟਰੱਕ ਨਿਰਧਾਰਤ ਰਫਤਾਰ ਤੋਂ ਵੱਧ ਸੀ।












