ਲੰਗਰ ਘਪਲੇ ਵਿਚ ਮੈਨੇਜਰ ਸਣੇ ਪੰਜ ਮੁਅੱਤਲ

0
1765

ਸ੍ਰੀ ਆਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਲਈ ਆਉਂਦੀਆਂ ਸਬਜ਼ੀਆਂ ਦੀ ਖਰੀਦ ਮਾਮਲੇ ਵਿੱਚ ਪਾਈਆਂ ਬੇਨਿਯਮੀਆਂ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੋਸ਼ੀ ਪਾਏ ਗਏ ਮੈਨੇਜਰ ਸਣੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਇਨ੍ਹਾਂ ਪੰਜਾਂ ਨੂੰ ਇਥੋਂ ਹੈੱਡਕੁਆਰਟਰ ਤਬਦੀਲ ਕਰਨ ਦਾ ਫੈਸਲਾ ਲਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੜਤਾਲੀਆ ਕਮੇਟੀ ਵੱਲੋਂ ਪੇਸ਼ ਕੀਤੀ ਰਿਪੋਰਟ ਦੀ ਸਮੀਖਿਆ ਕਰਨ ਉਪਰੰਤ ਇਹ ਫ਼ੈਸਲਾ ਲਿਆ ਹੈ। ਸ੍ਰੀ ਲੌਂਗੋਵਾਲ ਨੇ ਕਿਹਾ ਕਿ ਮੁਅੱਤਲ ਅਧਿਕਾਰੀਆਂ ਦੇ ਕਾਰਜਕਾਲ ਦੌਰਾਨ ਹੋਏ ਕੰਮਾਂ ਦੀ ਜਾਂਚ ਹੋਵੇਗੀ। ਇਸ ਦੇ ਨਾਲ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਦੀਪ ਸਿੰਘ ਕੰਗ ਨੂੰ ਨਵਾਂ ਮੈਨੇਜਰ ਨਿਯੁਕਤ ਕਰ ਦਿੱਤਾ ਹੈ।
ਜਸਵੀਰ ਸਿੰਘ ਮੈਨੇਜਰ, ਲਖਵਿੰਦਰ ਸਿੰਘ ਮੀਤ ਮੈਨੇਜਰ, ਕੋਰ ਸਿੰਘ ਅਕਾਊਂਟੈਂਟ, ਪਰਮਿੰਦਰ ਸਿੰਘ ਸਟੋਰ ਕੀਪਰ ਅਤੇ ਬਖਸ਼ੀਸ਼ ਸਿੰਘ ਇੰਸਪੈਕਟਰ ਨੂੰ ਮੁਅੱਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਗੋਲਕ ਨਾਲ ਘਪਲਾ ਕਰਨ ਵਾਲਾ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ।