ਪਰਮਿੰਦਰ ਢੀਂਡਸਾ ਵੱਲੋਂ ਤੀਸਰਾ ਫਰੰਟ ਉਸਾਰਨ ਦੇ ਸੰਕੇਤ

0
955

ਸੰਗਰੂਰ: ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਲੁਕਵੀਂ ਸਾਂਝ ਪੰਜਾਬ ਲਈ ਬੇਹਦ ਖਤਰਨਾਕ ਹੈ ਜਿਸ ਕਰਕੇ ਪੰਜਾਬ ਹਿਤੈਸ਼ੀ ਆਗੂਆਂ ਨੂੰ ਤੀਸਰਾ ਫਰੰਟ ਉਸਾਰਨ ਲਈ ਜ਼ਿੰਮੇਵਾਰੀ ਨਿਭਾਉਣਾ ਸਮੇਂ ਦੀ ਮੁੱਖ ਲੋੜ ਹੈ।
ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਤੀਸਰਾ ਫਰੰਟ ਚਾਹੁੰਦੇ ਹਨ ਤਾਂ ਕਿ ਕੈਪਟਨ ਤੇ ਬਾਦਲ ਪਰਿਵਾਰ ਦੀਆਂ ਆਪਹੁਦਰੀਆਂ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨਾਲ ਢੀਂਡਸਾ ਪਰਿਵਾਰ ਦਾ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ ਕਿਉਂਕਿ ਬਾਦਲ ਦੀ ਸੋਚ ਹੀ ਅਕਾਲੀ ਦਲ ਨੂੰ ਸਿਧਾਂਤਕ ਤੌਰ ‘ਤੇ ਕਮਜ਼ੋਰ ਕਰਨ ਦੀ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੀ ਨਿੱਜੀ ਕੰਪਨੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਸਿੱਖ ਕੌਮ ਤੇ ਪੰਜਾਬ ਦੇ ਹਿੱਤਾਂ ਲਈ ਲਾਏ ਮੋਰਚਿਆਂ ਨੂੰ ਵੀ ਰੋਲ ਦਿੱਤਾ ਹੈ।