ਬੰਗਲਾ ਸਾਹਿਬ ਗੁਰਦੁਆਰੇ ਵਿੱਚ ‘ਦਸਤਾਰ ਬੈਂਕ’ ਖੋਲਿਆ

0
1017

ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਧਾਨੀ ਦੇ ਸਿੱਖ ਬੱਚਿਆਂ ਅਤੇ ਲੋੜਵੰਦਾਂ ਨੂੰ ਸਿੱਖ ਪਰੰਪਰਾ ਅਨੁਸਾਰ ਪਗੜੀ ਸਜਾਉਣ ਲਈ ਪ੍ਰੇਰਿਤ ਕਰਨ ਵਾਸਤੇ ਦਿੱਲੀ ਵਿੱਚ ‘ਦਸਤਾਰ ਬੈਂਕ’ ਦੀ ਵਿਲੱਖਣ ਯੋਜਨਾ ਸ਼ੁਰੂ ਕੀਤੀ ਹੈ। ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਿਵੇਕਲਾ ਉਪਰਾਲਾ ਦਾਨ ਕੀਤੀਆਂ ‘ਦਸਤਾਰਾਂ’ ਨਾਲ ਸ਼ੁਰੂ ਕੀਤਾ ਹੈ।
੨ ਨਵੰਬਰ ਤੋਂ ਗੁਰਦੁਆਰਾ ਬੰਗਲਾ ਸਾਹਿਬ ‘ਚ ਰਾਜਧਾਨੀ ਦਿੱਲੀ ਦਾ ਪਹਿਲਾ ਦਸਤਾਰ ਬੈਂਕ ਸਥਾਪਤ ਕੀਤਾ ਹੈ। ਸਿੱਖ ਨੌਜਵਾਨ ਸਿਰਫ ੫੦ ਰੁਪਏ ਦੀ ਮਾਮੂਲੀ ਕੀਮਤ ‘ਤੇ ਆਕਰਸ਼ਕ ਦਸਤਾਰ ਸਜਾ ਸਕਦੇ ਹਨ। ‘ਦਸਤਾਰ ਬੈਂਕ’ ਨੂੰ ਇਕ ਹਜ਼ਾਰ ਦਸਤਾਰਾਂ ਦਾਨ ‘ਚ ਮਿਲੀਆਂ ਹਨ ਜਿਨ੍ਹਾਂ ‘ਚੋਂ ੫੦੦ ਦਸਤਾਰਾਂ ਕੁਝ ਦਿਨਾਂ ਦੇ ਅੰਦਰ ਹੀ ਵੰਡੀਆਂ ਜਾ ਚੁੱਕੀਆਂ ਹਨ। ਕਮੇਟੀ ਨੇ ਹਰ ਦਾਨ ਕੀਤੀ ਦਸਤਾਰ ਨੂੰ ਆਪਣੇ ਖ਼ਰਚੇ ‘ਤੇ ਰੰਗਿਆ ਹੈ ਅਤੇ ਕਮੇਟੀ ਚਾਰ ਮੀਟਰ ਤੋਂ ਸੱਤ ਮੀਟਰ ਤੱਕ ਦੀਆਂ ਵੱਖ ਵੱਖ ਡਿਜ਼ਾਈਨ ਦੀਆਂ ਲੰਬੀਆਂ ਦਸਤਾਰਾਂ ਪ੍ਰਦਾਨ ਕਰਦੀ ਹੈ। ਕਮੇਟੀ ਨੇ ਸਿੱਖ ਨੌਜਵਾਨਾਂ ਨੂੰ ਦਸਤਾਰ ਬੰਨ੍ਹਣ ਦੀ ਕਲਾ ਸਿਖਾਉਣ ਲਈ ਦੋ ਸਿੱਖ ਬੁੱਧੀਜੀਵੀਆਂ ਦੀਆਂ ਸੇਵਾਵਾਂ ਲਈਆਂ ਹਨ, ਜੋ ਨਵੀਂ ਪੀੜ੍ਹੀ ਨੂੰ ਸਬਰ ਅਤੇ ਗਿਆਨ ਪ੍ਰਦਾਨ ਕਰਨਗੇ ਕਿ ਕਿਵੇਂ ਸਿੱਖ ਪਰੰਪਰਾ ਅਨੁਸਾਰ ਦਸਤਾਰ ਸਜਾਉਣੀ ਹੈ। ਛੇ ਮੀਟਰ ਦੀ ਨਵੀਂ ਦਸਤਾਰ ੬੦੦ ਰੁਪਏ ਦੀ ਆਉਂਦੀ ਹੈ ਪਰ ਬੱਚਿਆਂ ਨੂੰ ਇਹ ੫੦ ਰੁਪਏ ‘ਚ ਦਿੱਤੀ ਜਾਂਦੀ ਹੈ। ਕਮੇਟੀ ਨੇ ਆਪਣੇ ਅਧੀਨ ਆਉਂਦੇ ਸਾਰੇ ੧੦ ਇਤਿਹਾਸਕ ਗੁਰਦੁਆਰਿਆਂ ‘ਚ ਅਜਿਹੇ ‘ਦਸਤਾਰ ਬੈਂਕ’ ਖੋਲ੍ਹਣ ਦੀ ਯੋਜਨਾ ਉਲੀਕੀ ਹੈ।