ਕੈਨੇਡਾ ‘ਚ ਹਾਰੀ ਪਾਰਟੀ ਨੂੰ ਵੱਧ ਵੋਟਾਂ ਮਿਲੀਆਂ ਤੇ ਜਿੱਤੀ ਪਾਰਟੀ ਨੂੰ ਵੱਧ ਸੀਟਾਂ ਮਿਲੀਆਂ

0
932

ਟੋਰਾਂਟੋ: ਕੈਨੇਡਾ ‘ਚ ਹਾਰ ਗਈ ਕੰਜ਼ਰਵੇਟਿਵ ਪਾਰਟੀ ਨੂੰ ਵੱਧ ਵੋਟਾਂ ਮਿਲੀਆਂ ਹਨ ਪਰ ਜਿੱਤੀ ਲਿਬਰਲ ਪਾਰਟੀ ਨੂੰ ਵੱਧ ਸੀਟਾਂ ਮਿਲੀਆਂ ਹਨ। ੩੩੮ ‘ਚੋਂ ਲਿਬਰਲ ਪਾਰਟੀ ਨੂੰ ੧੫੭ ਅਤੇ ਕੰਜ਼ਰਵੇਟਿਵ ਨੂੰ ੧੨੧ ਸੀਟਾਂ ਜਿੱਤੀਆਂ ਹਨ। ਦੇਸ਼ ਭਰ ‘ਚ ੬੧ ਲੱਖ ਵੋਟਾਂ ਕੰਜ਼ਰਵੇਟਿਵ ਪਾਰਟੀ ਤੇ ਲਿਬਰਲ ਪਾਰਟੀ ਨੂੰ ੫੯ ਲੱਖ ਵੋਟਾਂ ਪਈਆਂ ਜੋ ਕੰਜ਼ਰਵੇਟਿਵ ਨੂੰ ੩੪.੪ ਫ਼ੀਸਦੀ ਅਤੇ ੩੩.੧ ਫ਼ੀਸਦੀ ਲਿਬਰਲ ਪਾਰਟੀ ਨੂੰ ਬਣਦੀਆਂ। ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਨੂੰ ਸੀਟਾਂ ਦੀ ਗਿਣਤੀ ਦੇ ਮੁਕਾਬਲੇ ‘ਚ ਭਾਵੇਂ ੨੪ ਸੀਟਾਂ ਜਿੱਤ ਕੇ ਚੌਥੇ ਨੰਬਰ ‘ਤੇ ਰਹੀ ਪਰ ਵੋਟਾਂ ਹਾਸਲ ਕਰਨ ‘ਚ ਤੀਸਰੇ ਨੰਬਰ ‘ਤੇ ਹੈ। ਐਨ.ਡੀ.ਪੀ. ਨੂੰ ੨੮ ਲੱਖ ਵੋਟਾਂ ਪਈਆਂ ਪਰ ੩੨ ਸੀਟਾਂ ਨਾਲ ਹਾਊਸ ਆਫ਼ ਕਾਮਨਜ਼ ‘ਚ ਤੀਸਰੇ ਨੰਬਰ ‘ਤੇ ਆਈ। ਬਲਾਕ ਕਿਊਬਕ ਨੂੰ ੧੩ ਲੱਖ ਵੋਟਰਾਂ ਨੇ ਵੋਟਾਂ ਪਾਈਆਂ ਹਨ। ਇਸ ਬਾਰੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਦੇ ਚੋਣ ਸਿਸਟਮ ‘ਚ ਖ਼ਾਮੀਆਂ ਹਨ। ਸਿੱਧੇ ਅਨੁਪਾਤਕ ਨੁਮਾਇੰਦਗੀ ਵਾਲੇ ਸੰਸਦੀ ਸਿਸਟਮ ‘ਚ ਉਪਰੋਕਤ ਵੋਟਾਂ ਦੇ ਹਿਸਾਬ ਨਾਲ ਲਿਬਰਲ ਨੂੰ ੧੧੬, ਕੰਜ਼ਰਵੇਟਿਵ ਪਾਰਟੀ ਨੂੰ ੧੧੨ ਅਤੇ ਐਨ.ਡੀ.ਪੀ. ਨੂੰ ੫੪ ਸੀਟਾਂ ਮਿਲ ਸਕਦੀਆਂ ਸਨ ਅਤੇ ਬਲਾਕ ਕਿਊਬਕ ਨੂੰ ਮਹਿਜ਼ ੨੬ ਸੀਟਾਂ ‘ਤੇ ਸਬਰ ਕਰਨਾ ਪੈਣਾ ਸੀ। ਇਸੇ ਤਰ੍ਹਾਂ ਗਰੀਨ ਪਾਰਟੀ ਜਿਸ ਨੂੰ ਹੁਣ ੩ ਸੀਟਾਂ ਮਿਲੀਆਂ ਹਨ ਪਰ ਅਨੁਪਾਤਕ ਸਿਸਟਮ ‘ਚ ਉਸ ਨੂੰ ੨੨ ਸੀਟਾਂ ਮਿਲ ਸਕਦੀਆਂ ਸਨ। ਉਸ ਸਿਸਟਮ ‘ਚ ਪਾਰਟੀ ਨੂੰ ਮਿਲੀ ਵੋਟ ਦੇ ਆਧਾਰ ‘ਤੇ ਹਾਊਸ ‘ਚ ਨੁਮਾਇੰਦਗੀ ਮਿਲਦੀ ਹੈ। ਵੋਟਰ ਬੈਲਟ ਪੇਪਰ ਉੱਪਰ ਆਪਣੀ ਪਸੰਦ ਦੇ ਉਮੀਦਵਾਰ ਦੀ ਰੈਂਕਿੰਗ ਕਰਦੇ ਹਨ। ਇਸ ਤਰ੍ਹਾਂ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਨੂੰ ੫ (ਹੁਣ ੦) ਅਤੇ ਕੁਝ ਹੋਰ ਪਾਰਟੀਆਂ ਨੂੰ ੩ ਸੀਟਾਂ ਮਿਲ ਸਕਦੀਆਂ ਸਨ। ਹੁਣ ਵਾਲੇ ਸਿਸਟਮ ‘ਚ ਹਲਕਾ ਪੱਧਰ ‘ਤੇ ਵੱਧ ਵੋਟਾਂ ਲੈਣ ਵਾਲੇ ਉਮੀਦਵਾਰ ਨੂੰ ਜੇਤੂ ਐਲਾਨ ਦਿੱਤਾ ਜਾਂਦਾ ਹੈ। ਇਸ ਨਾਲ ਉਦਾਹਰਨ ਦੇ ਤੌਰ ‘ਤੇ ਗਰੀਨ ਪਾਰਟੀ ਦੇ ਹਰੇਕ ਸੰਸਦ ਮੈਂਬਰ ਨੂੰ ੩੮੭੨੪੯ ਵੋਟਰਾਂ ਦੀ ਹਿਮਾਇਤ ਪ੍ਰਾਪਤ ਹੈ ਜਦਕਿ ਹਰੇਕ ਲਿਬਰਲ ਸੰਸਦ ਮੈਂਬਰ ਨੂੰ ੩੭੬੫੫ ਵੋਟਰਾਂ ਦੀ ਹਿਮਾਇਤ ਹੈ। ਜਗਮੀਤ ਸਿੰਘ ਨੇ ਕਿਹਾ ਕਿ ਉਹ ਅਨੁਪਾਤਕ ਨੁਮਾਇੰਦਗੀ ਵਾਲਾ ਸਿਸਟਮ ਲਾਗੂ ਕਰਵਾਉਣ ਵਾਸਤੇ ਜੱਦੋਜਹਿਦ ਜਾਰੀ ਰੱਖਣਗੇ ਤਾਂ ਕਿ ਸੰਸਦ ‘ਚ ਦੇਸ਼ ਦੇ ਲੋਕਾਂ ਨੂੰ ਸਹੀ ਨੁਮਾਇੰਦਗੀ ਮਿਲ ਸਕੇ। ਜਸਟਿਨ ਟਰੂਡੋ ਨੇ ੨੦੧੫ ਦੀ ਚੋਣ ਵੇਲੇ ਦੇਸ਼ ਵਾਸੀਆਂ ਨਾਲ ਚੋਣ ਸਿਸਟਮ ਬਦਲਣ ਦਾ ਵਾਅਦਾ ਕੀਤਾ ਸੀ ਜੋ ਉਨ੍ਹਾਂ ਨੇ ਪ੍ਰਧਾਨ ਮੰਤਰੀ ਬਣ ਕੇ ਪੂਰਾ ਨਹੀਂ ਕੀਤਾ।