ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ 21ਵੀਂ ਪੰਜਾਬੀ ਫ਼ਿਲਮ ਬਣੀ ‘ਹਰਜੀਤਾ’

0
1157

ਚੰਡੀਗੜ੍ਹ: 66ਵੇਂ ਰਾਸ਼ਟਰੀ ਫਿਲਮ ਐਵਾਰਡ ਦਾ ਐਲਾਨ ਹੋ ਗਿਆ ਹੈ। ਸ਼ਾਸਤਰੀ ਭਵਨ ਦੇ PIB ਹਾਲ ਵਿਚ ਵੱਖ-ਵੱਖ ਕੈਟੇਗਰੀ ਦੇ ਤਹਿਤ ਅਵਾਰਡਜ਼ ਦਾ ਐਲਾਨ ਕੀਤਾ ਗਿਆ। ਉੜੀ: ਦ ਸਰਜੀਕਲ ਸਟ੍ਰਾਈਕ, ਅੰਧਾਧੂਨ, ਵਧਾਈ ਹੋ ਆਦਿ ਬਾਲੀਵੁੱਡ ਫ਼ਿਲਮਮਾਂ ਦੀ ਧੂਮ ਰਹੀ ਹੈ। ਇਸ ਦੇ ਨਾਲ ਹੀ 66ਵੇਂ ਨੈਸ਼ਨਲ ਫ਼ਿਲਮ ਐਵਾਰਡ ‘ਚ ਪੰਜਾਬੀ ਸਿਨੇਮਾ ਦੇ ਭਾਗ ਜਾਗੇ ਹਨ। ਦਰਅਸਲ ਪੰਜਾਬੀ ਫ਼ਿਲਮ ‘ਹਰਜੀਤਾ’ ਨੂੰ ਬੈਸਟ ਫ਼ਿਲਮ ਐਵਾਰਡ ਮਿਲਿਆ ਹੈ। ਸਾਲ 1962 ਤੋਂ ਲੈ ਕੇ ਹੁਣ ਤਕ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ ‘ਹਰਜੀਤਾ’ 21ਵੀਂ ਪੰਜਾਬੀ ਫ਼ਿਲਮ ਬਣ ਗਈ ਹੈ।
ਇਹ ਫਿਲਮ ਬਾਕਸ ਆਫਿਸ ‘ਤੇ 18 ਮਈ 2018 ਨੂੰ ਰਿਲੀਜ਼ ਹੋਈ ਸੀ ਜਿਸ ਨੂੰ ਵਿਜੇ ਕੁਮਾਰ ਨੇ ਡਾਇਰੈਕਟ ਕੀਤਾ ਸੀ ਅਤੇ ਇਸ ਦੀ ਕਹਾਣੀ ਜਗਦੀਪ ਸਿੰਘ ਸਿੱਧੂ ਨੇ ਲਿੱਖੀ ਸੀ। ਫ਼ਿਲਮ ਵਿਚ ਪੰਜਾਬੀ ਐਕਟਰ ਅਤੇ ਸਿੰਗਰ ਐਮੀ ਵਿਰਕ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਵਿਚ ਉਹਨਾਂ ਨੇ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਕਿਰਦਾਰ ਨਿਭਾਇਆ ਸੀ। ਇਸ ਦੇ ਨਾਲ ਹੀ ਫ਼ਿਲਮ ਵਿਚ ਬੱਚੇ ਦਾ ਕਿਰਦਾਰ ਨਿਭਾਉਣ ਵਾਲੇ ਸਮੀਪ ਸਿੰਘ ਨੂੰ ਵੀ ਬੈਸਟ ਚਾਇਲਡ ਐਕਟਰ ਦਾ ਐਵਾਰਡ ਮਿਲਿਆ ਹੈ। ਇਸ ਫ਼ਿਲਮ ਵਿਚ ਬਤੌਰ ਅਦਾਕਾਰਾ ਪੰਜਾਬੀ ਮਾਡਲ ਸਾਵਨ ਰੂਪੋਵਾਲੀ ਨੇ ਮੁੱਖ ਭੂਮਿਕਾ ਨਿਭਾਈ ਸੀ।
ਅਪਣੀ ਫ਼ਿਲਮ ਨੂੰ ਅਵਾਰਡ ਮਿਲਣ ਦੀ ਖੁਸ਼ੀ ਨੂੰ ਐਮੀ ਵਿਰਕ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਇਸ ਦੇ ਨਾਲ ਹੀ ਕਿਸੇ ਪੰਜਾਬੀ ਫ਼ਿਲਮ ਨੂੰ 2015 ਤੋਂ ਬਾਅਦ ਇਹ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਇਹ ਐਵਾਰਡ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੌਸਾਂਝ ਦੀ ਫ਼ਿਲਮ ‘ਪੰਜਾਬ 1984 ਨੂੰ ਮਿਲਿਆ ਸੀ। ਦੱਸ ਦਈਏ ਕਿ ਹਰਜੀਤਾ ਫ਼ਿਲਮ ਦੇ ਹੀਰੋ ਐਮੀ ਵਿਰਕ ਜਲਦੀ ਹੀ ਬਾਲੀਵੁੱਡ ਸਟਾਰ ਰਣਵੀਰ ਸਿੰਘ ਦੇ ਨਾਲ ਫ਼ਿਲਮ ’83’ ‘ਚ ਨਜ਼ਰ ਆਉਣਗੇ।